ਕੈਨਾਲ ਹਸਪਤਾਲ ਦੇ ਨਵੇਂ ਪੀ . ਐੱਮ . ਓ . ਡਾ . ਰਾਜ ਕੁਮਾਰ ਦਾ ਭਾਰਤ ਵਿਕਾਸ ਪਰਿਸ਼ਦ ਵਲੋਂ ਸ਼ਾਨਦਾਰ ਸਵਾਗਤ
ਨੰਗਲ, 4 ਸਤੰਬਰ (ਪ੍ਰੀਤਮ ਸਿੰਘ ਬਰਾਰੀ)- ਬੀ. ਬੀ.
ਨੰਗਲ, 4 ਸਤੰਬਰ (ਪ੍ਰੀਤਮ ਸਿੰਘ ਬਰਾਰੀ)- ਬੀ.ਬੀ.ਐੱਮ.ਬੀ. ਕੈਨਾਲ ਹਸਪਤਾਲ ਨੰਗਲ ਵਿਖੇ ਡਾ. ਰਾਜ ਕੁਮਾਰ ਵਲੋਂ ਪੀ.ਐੱਮ.ਓ. ਵਜੋਂ ਅਹੁਦਾ ਸੰਭਾਲਣ ’ਤੇ ਭਾਰਤ ਵਿਕਾਸ ਪਰਿਸ਼ਦ ਭਾਖੜਾ ਨੰਗਲ ਸ਼ਾਖਾ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪਰਿਸ਼ਦ ਦੇ ਅਹੁਦੇਦਾਰਾਂ ਨੇ ਡਾ. ਰਾਜ ਕੁਮਾਰ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਹਸਪਤਾਲ ਦੀਆਂ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਭਾਰਤ ਵਿਕਾਸ ਪਰਿਸ਼ਦ ਨੰਗਲ ਟਰੱਸਟ ਦੇ ਸੰਸਥਾਪਕ ਨਿਰਦੇਸ਼ਕ ਐਡਵੋਕੇਟ ਅਸ਼ੋਕ ਮਨੋਚਾ ਅਤੇ ਸ਼ਾਖਾ ਪ੍ਰਧਾਨ ਜਗਮੋਹਨ ਸਿੰਘ ਵਾਲੀਆ ਦੀ ਅਗਵਾਈ ਹੇਠ ਅਹੁਦੇਦਾਰ ਡਾ. ਰਾਜ ਕੁਮਾਰ ਨੂੰ ਮਿਲਣ ਲਈ ਹਸਪਤਾਲ ਪਹੁੰਚੇ। ਇਸ ਮੌਕੇ ਐਡਵੋਕੇਟ ਅਸ਼ੋਕ ਮਨੋਚਾ ਅਤੇ ਜਗਮੋਹਨ ਸਿੰਘ ਵਾਲੀਆ ਨੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਸੰਧੂ, ਰਾਜੀ ਛਾਬੜਾ ਅਤੇ ਦਵਿੰਦਰ ਸ਼ਰਮਾ ਦੀ ਮੌਜੂਦਗੀ ਵਿਚ ਡਾ. ਰਾਜ ਕੁਮਾਰ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ। ਪਰਿਸ਼ਦ ਆਗੂਆਂ ਨੇ ਕਿਹਾ ਕਿ ਕੈਨਾਲ ਹਸਪਤਾਲ ਇਲਾਕੇ ਦੇ ਲੋਕਾਂ ਲਈ ਸਿਹਤ ਸੇਵਾਵਾਂ ਦਾ ਅਹਿਮ ਕੇਂਦਰ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਡਾ. ਰਾਜ ਕੁਮਾਰ ਦੀ ਅਗਵਾਈ ਹੇਠ ਹਸਪਤਾਲ ਦੀਆਂ ਸੇਵਾਵਾਂ ਵਿਚ ਹੋਰ ਨਿਖਾਰ ਆਵੇਗਾ। ਉਨ੍ਹਾਂ ਕਿਹਾ ਕਿ ਲੋਕ-ਭਲਾਈ ਅਤੇ ਸਿਹਤ ਸੇਵਾਵਾਂ ਨਾਲ ਸਬੰਧਿਤ ਕਾਰਜਾਂ ਵਿਚ ਪਰਿਸ਼ਦ ਵਲੋਂ ਹਸਪਤਾਲ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਡਾ. ਰਾਜ ਕੁਮਾਰ ਨੇ ਸਵਾਗਤ ਅਤੇ ਸਨਮਾਨ ਲਈ ਪਰਿਸ਼ਦ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਿੱਤਾ ਪਿਆਰ, ਸਤਿਕਾਰ ਅਤੇ ਸਹਿਯੋਗ ਦਾ ਭਰੋਸਾ ਉਨ੍ਹਾਂ ਲਈ ਹੌਸਲੇ ਵਾਲੀ ਗੱਲ ਹੈ। ਇਸ ਮੌਕੇ ਡਾ. ਨਰੇਸ਼, ਸੇਵਾਮੁਕਤ ਐਸ.ਐਮ.ਓ. ਸਮੇਤ ਪਰਿਸ਼ਦ ਦੇ ਅਹੁਦੇਦਾਰ ਹਾਜ਼ਰ ਸਨ।