ਹਿਮਾਚਲ ਦੀਆਂ ਫੈਕਟਰੀਆਂ ਦੇ ਕਚਰੇ ਦਾ ਸਤਲੁਜ ’ ਚ ਆਉਣ ਤੋਂ ਬਾਅਦ ਮਾਮਲਾ ਭਖਿਆ
ਰੂਪਨਗਰ, 5 ਸਤੰਬਰ (ਸਤਨਾਮ ਸਿੰਘ ਸੱਤੀ)-ਮਾਜਰਾ ਕਚਰਾ ਪਲਾਂਟ ਨੂੰ ਲੈ ਕੇ ਹਿਮਾਚਲ ਵਿਚ ਚੱਲ ਰਹੇ ਸੰਘਰਸ਼ ਦਰਮਿਆਨ ਨਾਲਾਗੜ੍ਹ ਵਿਖੇ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਡੀ. ਸੀ.
ਰੂਪਨਗਰ, 5 ਸਤੰਬਰ (ਸਤਨਾਮ ਸਿੰਘ ਸੱਤੀ)-ਮਾਜਰਾ ਕਚਰਾ ਪਲਾਂਟ ਨੂੰ ਲੈ ਕੇ ਹਿਮਾਚਲ ਵਿਚ ਚੱਲ ਰਹੇ ਸੰਘਰਸ਼ ਦਰਮਿਆਨ ਨਾਲਾਗੜ੍ਹ ਵਿਖੇ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਡੀ.ਸੀ. ਸੋਲਨ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਤੁਰੰਤ ਡਾਕਟਰੀ ਸਰਵੇਖਣ ਕਰਵਾਉਣ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਪੰਜਾਬ ਵਿੱਚ ਵੀ ਮਾਮਲਾ ਉੱਭਰਿਆ ਹੈ। ਆਗੂਆਂ ਨੇ ਕਿਹਾ ਕਿ ਹਿਮਾਚਲ ਦੀਆਂ ਫੈਕਟਰੀਆਂ ਦਾ ਕਚਰਾ ਸਰਸਾ ਨਦੀ ਰਾਹੀਂ ਸਤਲੁਜ ਵਿੱਚ ਆਉਣ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਨੂੰ ਵੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਸੰਘਰਸ਼ ਕਮੇਟੀ ਦੇ ਆਗੂ ਖੁਸ਼ਵਿੰਦਰ ਸਿੰਘ ਅਤੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਸਵਾਲ ਕੀਤਾ ਕਿ ਜਦੋਂ ਸਤਲੁਜ ਅਤੇ ਸਰਹੰਦ ਨਹਿਰ ਵਿਚ ਗੰਦਗੀ ਭਰਿਆ ਪਾਣੀ ਆਉਣ ਦੀਆਂ ਸ਼ਿਕਾਇਤਾਂ ਹਨ ਤਾਂ ਲੋਕਾਂ ਦੀ ਸਿਹਤ ’ਤੇ ਇਸ ਦੇ ਸੰਭਾਵਿਤ ਪ੍ਰਭਾਵਾਂ ਦਾ ਪਤਾ ਲਗਾਉਣ ਲਈ ਪੰਜਾਬ ਸਰਕਾਰ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਭਾਵਿਤ ਇਲਾਕਿਆਂ ਵਿਚ ਡਾਕਟਰੀ ਸਰਵੇਖਣ ਅਤੇ ਪਾਣੀ ਦੇ ਸਰੋਤਾਂ ਦੀ ਵਿਗਿਆਨਕ ਜਾਂਚ ਕਰਵਾਈ ਜਾਵੇ ਅਤੇ ਹੁਣ ਤੱਕ ਹੋਈਆਂ ਜਾਂਚਾਂ ਤੇ ਕਾਰਵਾਈਆਂ ਦੀ ਜਾਣਕਾਰੀ ਜਨਤਕ ਕੀਤੀ ਜਾਵੇ। ਆਗੂਆਂ ਨੇ ਸਰਹੰਦ ਨਹਿਰ ਵਿਚ ਕਚਰਾ ਫਸਣ ਕਾਰਨ ਪਾਣੀ ਦੇ ਵਹਾਅ ਵਿਚ ਰੁਕਾਵਟ ਅਤੇ ਚਮਕੌਰ ਸਾਹਿਬ ਦੇ ਭੈਰੋ ਮਾਜਰਾ ਨੇੜੇ ਨਹਿਰ ਨੂੰ ਨੁਕਸਾਨ ਪਹੁੰਚਣ ਦੇ ਖਦਸ਼ੇ ’ਤੇ ਵੀ ਪ੍ਰਸ਼ਾਸਨ ਤੋਂ ਸਪੱਸ਼ਟੀਕਰਨ ਮੰਗਿਆ। ਉਨ੍ਹਾਂ ਕਿਹਾ ਕਿ ਸਿਹਤ, ਪਾਣੀ ਅਤੇ ਵਾਤਾਵਰਨ ਨਾਲ ਜੁੜੇ ਮਾਮਲਿਆਂ ’ਤੇ ਵਿਗਿਆਨਕ ਜਾਂਚ ਅਤੇ ਠੋਸ ਸੁਰੱਖਿਆ ਕਦਮ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਨਾਲਾਗੜ੍ਹ ਮੀਟਿੰਗ ਵਿਚ ਡੀ.ਸੀ. ਸੋਲਨ ਵਲੋਂ ਪਲਾਂਟ ਦੀ ਲਗਾਤਾਰ ਨਮੂਨਾ ਜਾਂਚ, ਨਮੂਨੇ ਲੈਣ ਦੀ ਪ੍ਰਕਿਰਿਆ ਵਿਚ ਗ੍ਰਾਮ ਸਭਾ ਅਤੇ ਸੰਘਰਸ਼ ਕਮੇਟੀ ਦੀ ਸ਼ਮੂਲੀਅਤ, ਕਚਰਾ ਲਿਆਉਣ ਵਾਲੇ ਵਾਹਨਾਂ ਦੀ ਕੈਮਰਿਆਂ ਰਾਹੀਂ ਨਿਗਰਾਨੀ ਅਤੇ ਪਲਾਂਟ ਦੀ ਹੱਦਬੰਦੀ ਦੀ ਜਾਂਚ ਸਮੇਤ ਕਈ ਕਦਮਾਂ ਦੇ ਨਿਰਦੇਸ਼ ਦਿੱਤੇ ਗਏ। ਖੁਸ਼ਵਿੰਦਰ ਸਿੰਘ ਅਤੇ ਗੌਰਵ ਰਾਣਾ ਨੇ ਪੰਜਾਬ ਸਰਕਾਰ ਅਤੇ ਡੀ.ਸੀ. ਰੂਪਨਗਰ ਤੋਂ ਸਤਲੁਜ ਤੇ ਸਰਹੰਦ ਨਹਿਰ ਨਾਲ ਜੁੜੀਆਂ ਸ਼ਿਕਾਇਤਾਂ ਦੀ ਵਿਗਿਆਨਕ ਜਾਂਚ ਅਤੇ ਲੋੜ ਅਨੁਸਾਰ ਡਾਕਟਰੀ ਸਰਵੇਖਣ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਮਾਜਰਾ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਪਿੰਡ ਦੀਆਂ ਬੀਬੀਆਂ ਨੇ ਕਿਹਾ ਕਿ ਪਲਾਂਟ ਵਿਚ ਹਿਮਾਚਲ ਦੀ ਵੇਸਟ-ਗੰਦਗੀ ਲਿਆ ਕੇ ਪਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਵਾਤਾਵਰਨ ਪ੍ਰਭਾਵ ਮੁਲਾਂਕਣ ਰਿਪੋਰਟ, ਥਾਂ ਦੀ ਯੋਗਤਾ ਰਿਪੋਰਟ ਅਤੇ ਹੋਰ ਮਨਜ਼ੂਰੀਆਂ ਦੇ ਦਸਤਾਵੇਜ਼ ਜਨਤਕ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪਲਾਂਟ ਬੰਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।