ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਘਰ ਪਹੁੰਚ ਕੇ ਵਧਾਇਆ ਹੌਸਲਾ
ਨੰਗਲ, 9 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਜੇਕਰ ਸੁਪਨਾ ਵੱਡਾ ਹੋਵੇ, ਇਰਾਦਾ ਪੱਕਾ ਹੋਵੇ ਅਤੇ ਮਿਹਨਤ ਵਿਚ ਕੋਈ ਕਸਰ ਨਾ ਛੱਡੀ ਜਾਵੇ ਤਾਂ ਮੰਜ਼ਿਲ ਦੂਰ ਨਹੀਂ ਰਹਿੰਦੀ। ਇਸ ਗੱਲ ਨੂੰ ਨੰਗਲ ਦੇ ਡੀ.ਏ.ਵੀ. ਸਕੂਲ ਦੇ ਹੋਣਹਾਰ ਵਿਦਿਆਰਥੀ ਦਕਸ਼ ਧੀਮਾਨ ਨੇ ਸੱਚ ਕਰ ਦਿਖਾਇਆ ਹੈ। ਦਕਸ਼ ਨੇ ਨੀਟ ਪ੍ਰੀਖਿਆ ਪਾਸ ਕਰਕੇ ਫ਼ਰੀਦਕੋਟ ਮੈਡੀਕਲ ਕਾਲਜ ਵਿਚ ਦਾਖਲਾ ਹਾਸਲ ਕਰਦਿਆਂ ਨਾ ਸਿਰਫ਼ ਆਪਣੇ ਪਰਿਵਾਰ ਦਾ ਮਾਣ ਵਧਾਇਆ, ਸਗੋਂ ਨੰਗਲ ਅਤੇ ਆਪਣੇ ਸਕੂਲ ਦਾ ਨਾਮ ਵੀ ਰੌਸ਼ਨ ਕੀਤਾ ਹੈ। ਦਕਸ਼ ਦੀ ਇਸ ਸ਼ਾਨਦਾਰ ਸਫਲਤਾ ਦੀ ਖ਼ੁਸ਼ੀ ਸਾਂਝੀ ਕਰਨ ਲਈ ਸਿੱਖਿਆ ਮੰਤਰੀ ਅਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਵਿਸ਼ੇਸ਼ ਤੌਰ ‘ਤੇ ਉਸਦੇ ਘਰ ਪਹੁੰਚੇ। ਉਨ੍ਹਾਂ ਦਕਸ਼ ਦਾ ਮੂੰਹ ਮਿੱਠਾ ਕਰਵਾਇਆ ਅਤੇ ਮੈਡੀਕਲ ਖੇਤਰ ਵਿਚ ਉਸਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪਰਿਵਾਰਕ ਮੈਂਬਰਾਂ ਵਿਚ ਵੀ ਖ਼ੁਸ਼ੀ ਦੀ ਲਹਿਰ ਦਿਖਾਈ ਦਿੱਤੀ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਦਕਸ਼ ਦੀ ਸਫਲਤਾ ਸਿਰਫ਼ ਉਸਦੇ ਪਰਿਵਾਰ ਲਈ ਹੀ ਨਹੀਂ, ਬਲਕਿ ਨੰਗਲ ਦੇ ਸਮੁੱਚੇ ਵਿਦਿਆਰਥੀ ਵਰਗ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਦੌਰ ਵਿਚ ਸਫਲਤਾ ਹਾਸਲ ਕਰਨ ਲਈ ਕੋਈ ਸ਼ਾਰਟਕੱਟ ਨਹੀਂ ਹੈ। ਟੀਚਾ ਨਿਰਧਾਰਿਤ ਕਰਕੇ ਲਗਾਤਾਰ ਪੜ੍ਹਾਈ, ਸਮੇਂ ਦੀ ਕਦਰ ਅਤੇ ਮਿਹਨਤ ਹੀ ਕਾਮਯਾਬੀ ਦੀ ਅਸਲ ਕੁੰਜੀ ਹੈ। ਸਿੱਖਿਆ ਮੰਤਰੀ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੀ ਊਰਜਾ ਨੂੰ ਗੈਰ-ਜ਼ਰੂਰੀ ਗਤੀਵਿਧੀਆਂ ਵਿਚ ਖ਼ਰਚਣ ਦੀ ਬਜਾਏ ਸਿੱਖਿਆ, ਹੁਨਰ ਅਤੇ ਆਪਣੇ ਭਵਿੱਖ ਦੇ ਨਿਰਮਾਣ ਲਈ ਵਰਤਣ। ਉਨ੍ਹਾਂ ਕਿਹਾ ਕਿ ਦਕਸ਼ ਧੀਮਾਨ ਨੇ ਸਾਬਤ ਕੀਤਾ ਹੈ ਕਿ ਜਦੋਂ ਨੌਜਵਾਨ ਆਪਣੀ ਮੰਜ਼ਿਲ ਪ੍ਰਤੀ ਦ੍ਰਿੜ੍ਹ ਹੋ ਜਾਵੇ ਤਾਂ ਮੁਸ਼ਕਲਾਂ ਵੀ ਉਸਦੇ ਰਾਹ ਦੀਆਂ ਪੌੜੀਆਂ ਬਣ ਜਾਂਦੀਆਂ ਹਨ। ਦਕਸ਼ ਧੀਮਾਨ ਨੇ ਸਿੱਖਿਆ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਘਰ ਪਹੁੰਚ ਕੇ ਹੌਸਲਾ ਵਧਾਉਣ ਨਾਲ ਉਸਦਾ ਉਤਸ਼ਾਹ ਹੋਰ ਵਧਿਆ ਹੈ। ਉਸਨੇ ਭਵਿੱਖ ਵਿਚ ਵੀ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਪੜ੍ਹਾਈ ਕਰਕੇ ਪਰਿਵਾਰ, ਅਧਿਆਪਕਾਂ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਰਾਜ ਕੁਮਾਰ ਧੀਮਾਨ, ਸਾਕਸ਼ੀ ਧੀਮਾਨ, ਸੰਧਿਆ ਦੇਵੀ ਧੀਮਾਨ, ਨਗਰ ਕੌਂਸਲ ਨੰਗਲ ਦੇ ਚੇਅਰਮੈਨ ਕਿਰਨ ਗੁਪਤਾ, ਐਡਵੋਕੇਟ ਨਿਸ਼ਾਂਤ ਗੁਪਤਾ, ਐਡਵੋਕੇਟ ਸੰਜੀਵ ਕੁਮਾਰ, ਇਮਰਾਨ ਖਾਨ, ਪੂਜਾ ਦੇਵੀ, ਮਾਨਿਕਾ, ਹਰਵਿੰਦਰ ਸਿੰਘ, ਲੱਕੀ, ਵਿੱਕੀ ਮਹਿਤਾ, ਸੁਨੀਤਾ ਅਤੇ ਰਾਜ ਰਾਣੀ ਹਾਜ਼ਰ ਸਨ।