ਆਊਟਸੋਰਸ ਮੁਲਾਜ਼ਮਾਂ ਦੇ ਹੱਕਾਂ ਨਾਲ ਹੋਰ ਖਿਲਵਾੜ ਬੰਦ ਕਰੇ ਸਰਕਾਰ , ਨਿਯੁਕਤੀ ਪੱਤਰ ਜਾਰੀ ਕਰੇ : ਵਿਨੋਦ
ਨੰਗਲ, 26 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਆਊਟਸੋਰਸ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਤੋਂ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਕਰਦਿਆਂ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਨੰਗਲ ਡੈਮ ਵਿਖੇ ਮੁਲਾਜ਼ਮਾਂ ਨਾਲ ਮੀਟਿੰਗ ਦੌਰਾਨ ਆਗੂ ਵਿਨੋਦ ਕਲਿਤਰਾਂ ਨੇ ਕਿਹਾ ਕਿ ਮੁਲਾਜ਼ਮਾਂ ਦੇ ਹੱਕਾਂ ਨਾਲ ਹੋਰ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਿਯੁਕਤੀ ਪੱਤਰ ਤੋਂ ਘੱਟ ਕੋਈ ਸ਼ਰਤ ਮਨਜ਼ੂਰ ਨਹੀਂ ਹੋਵੇਗੀ।
ਨੰਗਲ, 26 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਆਊਟਸੋਰਸ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਤੋਂ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਕਰਦਿਆਂ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਨੰਗਲ ਡੈਮ ਵਿਖੇ ਮੁਲਾਜ਼ਮਾਂ ਨਾਲ ਮੀਟਿੰਗ ਦੌਰਾਨ ਆਗੂ ਵਿਨੋਦ ਕਲਿਤਰਾਂ ਨੇ ਕਿਹਾ ਕਿ ਮੁਲਾਜ਼ਮਾਂ ਦੇ ਹੱਕਾਂ ਨਾਲ ਹੋਰ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਿਯੁਕਤੀ ਪੱਤਰ ਤੋਂ ਘੱਟ ਕੋਈ ਸ਼ਰਤ ਮਨਜ਼ੂਰ ਨਹੀਂ ਹੋਵੇਗੀ। ਜਸਵੀਰ ਕੌਰ ਬਨਗੜ ਨੇ ਦੱਸਿਆ ਕਿ 3 ਅਕਤੂਬਰ ਤੋਂ ਡਵੀਜ਼ਨ ਦਫ਼ਤਰ ਅੱਗੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਅਣਮਿਥੇ ਸਮੇਂ ਲਈ ਮੋਰਚਾ ਲਾਇਆ ਜਾਵੇਗਾ। ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਵਾਰ-ਵਾਰ ਮੁਲਾਜ਼ਮਾਂ ਦਾ ਡਾਟਾ ਮੰਗਣਾ ਡੰਗ ਟਪਾਊ ਨੀਤੀ ਦਾ ਹਿੱਸਾ ਹੈ, ਜਦਕਿ ਵਿਭਾਗ ਕੋਲ ਪਹਿਲਾਂ ਹੀ ਹਰੇਕ ਵਰਕਰ ਦਾ ਵੇਰਵਾ ਮੌਜੂਦ ਹੈ। ਕਪਿਲ ਮਹਿੰਦਲੀ ਅਤੇ ਮੱਖਣ ਕਾਲਸ ਨੇ ਕਿਹਾ ਕਿ 30 ਜੂਨ ਨੂੰ ਰਾਜਪਾਲ ਨਾਲ ਹੋਈ ਮੀਟਿੰਗ ਤੋਂ ਬਾਅਦ ਨਿਯੁਕਤੀ ਪੱਤਰਾਂ ਦੀ ਪ੍ਰਕਿਰਿਆ ਗਜ਼ਟ ਨੋਟੀਫ਼ਿਕੇਸ਼ਨ ਅਤੇ ਕੱਟ-ਆਫ਼ ਮਿਤੀ ਤੱਕ ਪਹੁੰਚੀ, ਪਰ ਅੰਤਿਮ ਪੜਾਅ ’ਤੇ ਅਟਕ ਗਈ। ਉਨ੍ਹਾਂ ਮੰਗ ਕੀਤੀ ਕਿ ਇਨਲਿਸਟਮੈਂਟ ਮੁਲਾਜ਼ਮਾਂ ਨੂੰ ਵੀ ਵਿਭਾਗ ਸਿੱਧੇ ਨਿਯੁਕਤੀ ਪੱਤਰ ਜਾਰੀ ਕਰੇ। ਆਗੂਆਂ ਨੇ ਕਿਹਾ ਕਿ ਮੋਰਚੇ ਦੌਰਾਨ ਸ਼ਾਂਤਮਈ ਰੋਸ ਮਾਰਚ ਵੀ ਕੀਤੇ ਜਾਣਗੇ। ਸਰਕਾਰ ਨੂੰ ਅਪੀਲ ਕੀਤੀ ਕਿ ਮੁਲਾਜ਼ਮਾਂ ਦੀ ਮੰਗ ਨੂੰ ਤੁਰੰਤ ਪ੍ਰਵਾਨ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਦੀ ਸੁਰੱਖਿਆ ਦਿੱਤੀ ਜਾਵੇ। ਕਪਿਲ ਮਹਿੰਦਲੀ ਨੇ ਕਿਸਾਨਾਂ, ਮਜ਼ਦੂਰਾਂ, ਭਰਾਤਰੀ ਜਥੇਬੰਦੀਆਂ ਅਤੇ ਲੋਕਾਂ ਨੂੰ ਸੰਘਰਸ਼ ਦੀ ਹਮਾਇਤ ਕਰਨ ਦੀ ਅਪੀਲ ਕੀਤੀ।