ਸਾਊਦੀ ਅਰਬ ਵਿਚ ਮੌਤ ਦੀ ਸਜ਼ਾ ਭੁਗਤ ਰਹੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਮੇਜਰ ਅੰਜੂ ਬਾਲਾ ਸਿੰਘ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਮਿਲੇ
ਸ੍ਰੀ ਚਮਕੌਰ ਸਾਹਿਬ, 12 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਰਸਾਲਪੁਰ ਅਤੇ ਸਮਰਾਲਾ ਤਹਿਸੀਲ ਦੇ ਪਿੰਡ ਮਾਣਕੀ ਦੇ ਨੌਜਵਾਨ ਜੋ ਸਾਊਦੀ ਅਰਬ ਵਿਚ ਮੌਤ ਦੀ ਸਜਾ ਭੁਗਤ ਰਹੇ ਹਨ, ਦੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਸ੍ਰੀ ਚਮਕੌਰ ਸਾਹਿਬ ਦੀ ਆਗੂ ਮੇਜਰ ਅੰਜੂ ਬਾਲਾ ਸਿੰਘ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੂੰ ਮਿਲੇ ਅਤੇ ਦੋਵੇਂ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਮੰਗ ਪੱਤਰ ਦਿੱਤਾ ਅਤੇ ਜਲਦੀ ਸਮੁੱਚੀ ਪ੍ਰਕ੍ਰਿਆ ਅਮਲ ਵਿਚ ਲਿਆ ਕੇ ਉਨ੍ਹਾਂ ਦੀ ਵਤਨ ਵਾਪਸੀ ਕਰਵਾਉਣ ਦੀ ਮੰਗ ਕੀਤੀ। ਮੇਜਰ ਅੰਜੂ ਬਾਲਾ ਸਿੰਘ ਨੇ ਦੱਸਿਆ ਕਿ ਗਰੀਬ ਪਰਿਵਾਰਾਂ ਦੇ ਨੌਜਵਾਨ ਗੁਰਦੀਪ ਸਿੰਘ ਬਰਸਾਲਪੁਰ ਅਤੇ ਸੁਖਚੈਨ ਸਿੰਘ ਮਾਣਕੀ ਨੂੰ ਸੁਰੱਖਿਅਤ ਵਾਪਿਸ ਲੈ ਕੇ ਆਉਣ ਲਈ ਮੈਂ ਹਰ ਸੰਭਵ ਕੋਸ਼ਿਸ਼ ਕਰ ਰਹੀ, ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਵੀ ਮਿਲੇ ਸਨ, ਜਿਨ੍ਹਾਂ ਸਮੁੱਚਾ ਮਾਮਲਾ ਵਿਦੇਸ਼ ਮੰਤਰਾਲੇ ਦੇ ਧਿਆਨ ਵਿਚ ਲਿਆਦਾਂ ਅਤੇ ਹੁਣ ਚੇਅਰਮੈਨ ਸ੍ਰੀ ਹਰਜੀਤ ਸਿੰਘ ਗਰੇਵਾਲ ਨੇ ਵੀ ਭਰੋਸਾ ਦਵਾਇਆ ਹੈ ਕਿ ਉਹ ਪੰਜਾਬ ਦੇ ਦੋਵੇਂ ਬੱਚਿਆਂ ਨੂੰ ਸੁਰਖਿਅਤ ਲਿਆਉਣ ਲਈ ਸਬੰਧਿਤ ਮੰਤਰਾਲੇ ਵਿਚ ਗੱਲਬਾਤ ਕਰਨਗੇ ਅਤੇ ਇਸ ਮਾਮਲੇ ਵਿਚ ਤੇਜੀ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।