ਸਾਸਾ - ਇੰਡੀਆ ਦੇ ਵਿਦਿਆਰਥੀਆਂ ਦਾ ਰਾਣੀਖੇਤ ਦਾ ਵਿੱਦਿਅਕ ਟੂਰ ਯਾਦਗਾਰੀ ਹੋ ਨਿਬੜਿਆ
ਰੂਪਨਗਰ, 16 ਅਕਤੂਬਰ (ਸਤਨਾਮ ਸਿੰਘ ਸੱਤੀ)-ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ (ਸਾਸਾ-ਇੰਡੀਆ), ਰੂਪਨਗਰ ਦੇ 100 ਸੀਨੀਅਰ ਵਿਦਿਆਰਥੀਆਂ ਅਤੇ 15 ਅਧਿਆਪਕਾਂ ਦਾ ਉੱਤਰਾਖੰਡ ਦੇ ਰਾਣੀਖੇਤ ਵਿਖੇ ਹਫ਼ਤੇ ਭਰ ਦਾ ਵਿੱਦਿਅਕ ਟੂਰ ਯਾਦਗਾਰੀ ਹੋ ਨਿਬੜਿਆ। ਇਸ ਦੌਰਾਨ ਵਿਦਿਆਰਥੀਆਂ ਨੇ ਕੁਦਰਤੀ ਸੁੰਦਰਤਾ ਦਾ ਆਨੰਦ ਮਾਣਨ ਦੇ ਨਾਲ-ਨਾਲ ਫ਼ੌਜੀ ਜੀਵਨ, ਅਨੁਸ਼ਾਸਨ ਅਤੇ ਸਿੱਖਿਆ ਦੇ ਮਹੱਤਵ ਬਾਰੇ ਅਹਿਮ ਜਾਣਕਾਰੀ ਹਾਸਲ ਕੀਤੀ।
ਰੂਪਨਗਰ, 16 ਅਕਤੂਬਰ (ਸਤਨਾਮ ਸਿੰਘ ਸੱਤੀ)-ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ (ਸਾਸਾ-ਇੰਡੀਆ), ਰੂਪਨਗਰ ਦੇ 100 ਸੀਨੀਅਰ ਵਿਦਿਆਰਥੀਆਂ ਅਤੇ 15 ਅਧਿਆਪਕਾਂ ਦਾ ਉੱਤਰਾਖੰਡ ਦੇ ਰਾਣੀਖੇਤ ਵਿਖੇ ਹਫ਼ਤੇ ਭਰ ਦਾ ਵਿੱਦਿਅਕ ਟੂਰ ਯਾਦਗਾਰੀ ਹੋ ਨਿਬੜਿਆ। ਇਸ ਦੌਰਾਨ ਵਿਦਿਆਰਥੀਆਂ ਨੇ ਕੁਦਰਤੀ ਸੁੰਦਰਤਾ ਦਾ ਆਨੰਦ ਮਾਣਨ ਦੇ ਨਾਲ-ਨਾਲ ਫ਼ੌਜੀ ਜੀਵਨ, ਅਨੁਸ਼ਾਸਨ ਅਤੇ ਸਿੱਖਿਆ ਦੇ ਮਹੱਤਵ ਬਾਰੇ ਅਹਿਮ ਜਾਣਕਾਰੀ ਹਾਸਲ ਕੀਤੀ। ਟੂਰ ਦੌਰਾਨ ਵਿਦਿਆਰਥੀਆਂ ਨੇ ਕੁਮਾਊਂ ਰੈਜੀਮੈਂਟ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਰੈਜੀਮੈਂਟ ਦੇ ਅਜਾਇਬਘਰ ਦਾ ਦੌਰਾ ਕਰਕੇ ਇਸ ਦੀਆਂ ਪ੍ਰਾਪਤੀਆਂ ਅਤੇ ਬਹਾਦਰੀ ਭਰੇ ਇਤਿਹਾਸ ਬਾਰੇ ਜਾਣਿਆ। ਉਨ੍ਹਾਂ ਨੇ ਰੈਜੀਮੈਂਟ ਦੇ ਕਮਾਂਡਰ, ਕਰਨਲ ਅਤੇ ਨਵੇਂ ਕਮਿਸ਼ਨਡ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਭਾਰਤੀ ਫ਼ੌਜ ਵਿੱਚ ਅਧਿਕਾਰੀ ਬਣਨ, ਮੁਕਾਬਲੇ ਦੀਆਂ ਪ੍ਰੀਖਿਆਵਾਂ ਅਤੇ ਐਸ.ਐਸ.ਬੀ. ਦੀ ਤਿਆਰੀ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸਾਸਾ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਨੇ ਕੁਮਾਊਂ ਰੈਜੀਮੈਂਟ ਦੇ ਕਮਾਂਡਰ ਨੂੰ ਕਿਤਾਬਾਂ ਵੀ ਭੇਟ ਕੀਤੀਆਂ। ਵਿਦਿਆਰਥੀਆਂ ਨੇ ਦੂਰ-ਦੁਰਾਡੇ ਸਥਿਤ ਡਿਕੋਟੀ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ ਵੀ ਕੀਤਾ, ਜਿੱਥੇ ਦੋ ਅਧਿਆਪਕ ਸਿਰਫ਼ 13 ਬੱਚਿਆਂ ਨੂੰ ਪੜ੍ਹਾ ਰਹੇ ਹਨ। ਅਧਿਆਪਕਾਂ ਦੀ ਮਿਹਨਤ ਸਦਕਾ ਬੱਚੇ ਅੰਗਰੇਜ਼ੀ ਵਿਚ ਆਪਣੀ ਜਾਣ-ਪਛਾਣ ਕਰਵਾਉਣ ਦੇ ਸਮਰੱਥ ਸਨ। ਬੱਚਿਆਂ ਨੇ ਭਾਰਤੀ ਸਿਵਲ ਸੇਵਾਵਾਂ, ਪੁਲਿਸ ਸੇਵਾਵਾਂ, ਡਾਕਟਰੀ ਅਤੇ ਫ਼ੌਜ ਵਿਚ ਅਧਿਕਾਰੀ ਬਣਨ ਦੇ ਸੁਪਨੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਇਸ ਮੁਲਾਕਾਤ ਨੇ ਸਾਸਾ ਦੇ ਵਿਦਿਆਰਥੀਆਂ ਨੂੰ ਮਿਹਨਤ, ਲਗਨ ਅਤੇ ਸੰਘਰਸ਼ ਦੀ ਅਹਿਮੀਅਤ ਦਾ ਅਹਿਸਾਸ ਕਰਵਾਇਆ। ਟੂਰ ਦੇ ਬਾਕੀ ਦਿਨ ਵਿਦਿਆਰਥੀਆਂ ਨੇ ਹਿਮਾਲਿਆ ਦੀਆਂ ਬਰਫ਼ ਨਾਲ ਢਕੀਆਂ ਚੋਟੀਆਂ ਅਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ। ਇਸ ਵਿੱਦਿਅਕ ਦੌਰੇ ਨੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਜੀਵਨ ਦੇ ਤਜਰਬਿਆਂ ਤੋਂ ਸਿੱਖਣ ਦਾ ਮੌਕਾ ਪ੍ਰਦਾਨ ਕੀਤਾ।