ਮਾਣਕੁਮਾਜਰਾ ’ ਚ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਜਾਰੀ , 40 ਤੋਂ ਵੱਧ ਟੀਮਾਂ ਲੈ ਰਹੀਆਂ ਹਨ ਭਾਗ
ਨੂਰਪੁਰ ਬੇਦੀ, 17 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਕਲੱਬ ਮਾਣਕੂਮਾਜਰਾ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।
ਨੂਰਪੁਰ ਬੇਦੀ, 17 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਕਲੱਬ ਮਾਣਕੂਮਾਜਰਾ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ 40 ਤੋਂ ਵੱਧ ਟੀਮਾਂ ਭਾਗ ਲੈ ਰਹੀਆਂ ਹਨ। ਟੂਰਨਾਮੈਂਟ ਦੇ ਦੂਜੇ ਦਿਨ ਗੁਰੂ ਪ੍ਰਾਪਰਟੀ ਐਡਵਾਈਜ਼ਰ ਦੇ ਸੰਚਾਲਕ ਸ਼ਾਮ ਕਸਾਣਾ ਅਤੇ ਸਮਾਜ ਸੇਵੀ ਆਗੂ ਚਮਨ ਲਾਲ ਭਾਟੀਆ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਕਲੱਬ ਨੂੰ ਆਪਣੇ ਵਲੋਂ 11 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ। ਇਸ ਮੌਕੇ ਸਰਪੰਚ ਲੇਖਰਾਜ, ਦਰਸ਼ਨ ਆਜ਼ਮਪੁਰ ਅਤੇ ਬਿੰਦਰ ਭੂੰਬਲਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਟੂਰਨਾਮੈਂਟ ਦੇ ਦੂਜੇ ਦਿਨ ਵੱਖ-ਵੱਖ ਟੀਮਾਂ ਵਿਚਕਾਰ ਰੋਮਾਂਚਕ ਮੁਕਾਬਲੇ ਹੋਏ, ਜਿਨ੍ਹਾਂ ਦੌਰਾਨ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੈਦਾਨ ਵਿਚ ਖਿਡਾਰੀਆਂ ਦੇ ਉਤਸ਼ਾਹ ਨੇ ਖੇਡ ਪ੍ਰੇਮੀਆਂ ਦਾ ਧਿਆਨ ਖਿੱਚਿਆ। ਇਸ ਮੌਕੇ ਸ਼ਾਮ ਕਸਾਣਾ ਅਤੇ ਚਮਨ ਲਾਲ ਭਾਟੀਆ ਨੇ ਸਾਂਝੇ ਤੌਰ ’ਤੇ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਨਾਲ ਜੁੜ ਕੇ ਨੌਜਵਾਨ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ ਦੇ ਨਾਲ-ਨਾਲ ਅਨੁਸ਼ਾਸਨ, ਆਪਸੀ ਸਾਂਝ ਅਤੇ ਟੀਮ ਭਾਵਨਾ ਵਰਗੇ ਗੁਣ ਵੀ ਸਿੱਖਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਅਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਵਧੀਆ ਮੰਚ ਪ੍ਰਦਾਨ ਕਰਦੇ ਹਨ। ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਨੂੰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਪਿੰਡ ਦੇ ਸਮਾਜ ਸੇਵੀ ਦੀਪਕ ਪੁਰੀ, ਪ੍ਰਧਾਨ ਮਨੀਸ਼ ਰਾਣਾ, ਸਰਪੰਚ ਮਹਿੰਦਰ ਸਿੰਘ ਰਾਣਾ ਅਤੇ ਕਲੱਬ ਦੇ ਹੋਰ ਮੈਂਬਰਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ।