ਆਜਮਪੁਰ ਬਾਈਪਾਸ ’ ਤੇ ਟਾਇਰਾਂ ਚ ਹਵਾ ਭਰਨ ਵਾਲੀ ਟੈਂਕੀ ਫਟਣ ਨਾਲ ਜ਼ੋਰਦਾਰ ਧਮਾਕਾ , ਖੋਖਾ ਤਬਾਹ
ਨੂਰਪੁਰ ਬੇਦੀ, 26 ਅਕਤੂਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਆਜਮਪੁਰ ਬਾਈਪਾਸ ’ਤੇ ਅੱਜ ਦੁਪਹਿਰ ਕਰੀਬ ਢਾਈ ਵਜੇ ਪੈਂਚਰਾਂ ਦੀ ਦੁਕਾਨ ’ਤੇ ਲੱਗੀ ਹਵਾ ਵਾਲੀ ਟੈਂਕੀ ਫਟਣ ਕਾਰਨ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦੀ ਗੂੰਜ ਲਾਗਲੇ ਪਿੰਡ ਮੂਸਾਪੁਰ ਤੱਕ ਸੁਣਾਈ ਦਿੱਤੀ।
ਨੂਰਪੁਰ ਬੇਦੀ, 26 ਅਕਤੂਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਆਜਮਪੁਰ ਬਾਈਪਾਸ ’ਤੇ ਅੱਜ ਦੁਪਹਿਰ ਕਰੀਬ ਢਾਈ ਵਜੇ ਪੈਂਚਰਾਂ ਦੀ ਦੁਕਾਨ ’ਤੇ ਲੱਗੀ ਹਵਾ ਵਾਲੀ ਟੈਂਕੀ ਫਟਣ ਕਾਰਨ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦੀ ਗੂੰਜ ਲਾਗਲੇ ਪਿੰਡ ਮੂਸਾਪੁਰ ਤੱਕ ਸੁਣਾਈ ਦਿੱਤੀ। ਹਾਦਸੇ ਵਿਚ ਧਰਮਪਾਲ ਸਿੰਘ ਉਰਫ਼ ਬਿੱਲੂ ਦਾ ਪੂਰਾ ਖੋਖਾ ਤਬਾਹ ਹੋ ਗਿਆ ਅਤੇ ਉੱਥੇ ਪਿਆ ਇੰਜਣ ਵੀ ਕਾਫ਼ੀ ਨੁਕਸਾਨਿਆ ਗਿਆ। ਖੋਖੇ ਦੇ ਪਤਰਿਆਂ ਦੇ ਟੁਕੜੇ ਦੂਰ-ਦੂਰ ਤੱਕ ਜਾ ਡਿੱਗੇ। ਵੱਡੀ ਗੱਲ ਇਹ ਰਹੀ ਕਿ ਦੁਕਾਨਦਾਰ ਅਤੇ ਮੌਕੇ ’ਤੇ ਮੌਜੂਦ ਟਰੱਕ ਚਾਲਕ ਦੀ ਜਾਨ ਬਚ ਗਈ। ਪੀੜਤ ਦੁਕਾਨਦਾਰ ਨੇ ਇਸ ਦੀ ਜਾਣਕਾਰੀ ਪੰਜਾਬ ਮੋਰਚਾ ਦੇ ਕਨਵੀਨਰ ਅਤੇ ਪੰਜਾਬ ਸਾਂਝੀਵਾਲਤਾ ਦਲ ਦੇ ਆਗੂ ਗੌਰਵ ਰਾਣਾ ਨੂੰ ਦਿੱਤੀ। ਜਿਸ ਤੇ ਰਾਣਾ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚੇ ਅਤੇ ਪੀੜਤ ਨਾਲ ਮੁਲਾਕਾਤ ਕਰਕੇ ਨੁਕਸਾਨ ਸਬੰਧੀ ਜਾਣਕਾਰੀ ਹਾਸਲ ਕੀਤੀ। ਦੁਕਾਨਦਾਰ ਨੇ ਕਿਹਾ ਕਿ ਜੇਕਰ ਉਸ ਨੂੰ ਲਗਭਗ 25 ਹਜ਼ਾਰ ਰੁਪਏ ਦੀ ਸਹਾਇਤਾ ਮਿਲ ਜਾਵੇ ਤਾਂ ਉਹ ਆਪਣਾ ਕਾਰੋਬਾਰ ਮੁੜ ਸ਼ੁਰੂ ਕਰ ਸਕਦਾ ਹੈ। ਇਸ ਮੌਕੇ ਗੌਰਵ ਰਾਣਾ ਦੇ ਨਾਲ ਹੈਪੀ ਭੱਗਲ, ਗੁਰਦੇਵ ਸਿੰਘ, ਪਰਮਿੰਦਰ ਸਿੰਘ ਲਵਲੀ ਸੇਠੀ ਅਤੇ ਅਜੇ ਰੋਲੀ ਸਮੇਤ ਹੋਰ ਸਾਥੀਆਂ ਨੇ ਯੋਗਦਾਨ ਪਾਉਂਦਿਆਂ ਕਰੀਬ 5 ਹਜ਼ਾਰ ਰੁਪਏ ਦੀ ਫੌਰੀ ਸਹਾਇਤਾ ਦਿੱਤੀ। ਗੌਰਵ ਰਾਣਾ ਨੇ ਕਿਹਾ ਕਿ ਅਜਿਹੀਆਂ ਆਫ਼ਤਾਂ ਦੀ ਸਥਿਤੀ ਵਿਚ ਸਰਕਾਰ ਅਤੇ ਪ੍ਰਸ਼ਾਸਨ ਕੋਲ ਪੀੜਤਾਂ ਦੀ ਤੁਰੰਤ ਸਹਾਇਤਾ ਲਈ ਵਿਸ਼ੇਸ਼ ਫੰਡ ਹੋਣੇ ਚਾਹੀਦੇ ਹਨ। ਉਨਾਂ ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣਾਂ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੁਕਾਨਦਾਰ ਬਿੱਲੂ ਦੀ ਵੱਧ ਤੋਂ ਵੱਧ ਮਦਦ ਕਰਨ, ਤਾਂ ਜੋ ਉਸ ਦਾ ਕਾਰੋਬਾਰ ਮੁੜ ਸ਼ੁਰੂ ਹੋ ਸਕੇ।