01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਰੂਪਨਗਰ ਦੇ ਵਾਰਡ ਨੰਬਰ 14 ਸਮੇਤ ਸ਼ਹਿਰ ਦੇ ਕਈ ਹਿੱਸਿਆਂ ’ ਚ ਸੀਵਰੇਜ ਦਾ ਪਾਣੀ ਬਣਿਆ ਲੋਕਾਂ ਲਈ ਮੁਸੀਬਤ ਹਰਗੋਬਿੰਦ ਨਗਰ ਦੀਆਂ ਸੜਕਾਂ ’ਤੇ ਘਰਾਂ ’ਚ ਭਰਿਆ ਗੰਦਾ ਪਾਣੀ

ਰੂਪਨਗਰ, 31 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ ਵਿਚ ਸੀਵਰੇਜ ਦੀ ਨਿਕਾਸੀ ਦੀ ਸਮੱਸਿਆ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਵਾਰਡ ਨੰਬਰ 14 ਅਧੀਨ ਆਉਂਦੇ ਹਰਗੋਬਿੰਦ ਨਗਰ, ਨਿਊ ਹਰਗੋਬਿੰਦ ਨਗਰ, ਲਖਵਿੰਦਰਾ ਐਨਕਲੇਵ ਅਤੇ ਗੌਹਣੀਆ ਐਨਕਲੇਵ ਦੇ ਵਸਨੀਕ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ।

Ad Position 21
No active advertisement
ਅਜੀਤ ਡੈਸਕ 01-11-2026
ਰੂਪਨਗਰ, 31 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ ਵਿਚ ਸੀਵਰੇਜ ਦੀ ਨਿਕਾਸੀ ਦੀ ਸਮੱਸਿਆ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਵਾਰਡ ਨੰਬਰ 14 ਅਧੀਨ ਆਉਂਦੇ ਹਰਗੋਬਿੰਦ ਨਗਰ, ਨਿਊ ਹਰਗੋਬਿੰਦ ਨਗਰ, ਲਖਵਿੰਦਰਾ ਐਨਕਲੇਵ ਅਤੇ ਗੌਹਣੀਆ ਐਨਕਲੇਵ ਦੇ ਵਸਨੀਕ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਟਰੀਟਮੈਂਟ ਪਲਾਂਟ ਵਿਚ ਨੁਕਸ ਕਾਰਨ ਸੀਵਰੇਜ ਦਾ ਪਾਣੀ ਗਟਰਾਂ ਵਿਚੋਂ ਬਾਹਰ ਨਿਕਲ ਕੇ ਸੜਕਾਂ, ਖ਼ਾਲੀ ਪਲਾਟਾਂ ਅਤੇ ਲੋਕਾਂ ਦੇ ਘਰਾਂ ਵਿਚ ਦਾਖ਼ਲ ਹੋ ਰਿਹਾ ਹੈ। ਇਲਾਕਾ ਵਾਸੀਆਂ ਅਨੁਸਾਰ ਪਿਛਲੇ ਦੋ-ਤਿੰਨ ਦਿਨਾਂ ਤੋਂ ਇਲਾਕੇ ਵਿਚ ਬਦਬੂ ਅਤੇ ਗੰਦਗੀ ਕਾਰਨ ਰਹਿਣਾ ਮੁਸ਼ਕਲ ਹੋ ਗਿਆ ਹੈ। ਗੰਦੇ ਪਾਣੀ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਵਿਚ ਵੀ ਮੁਸ਼ਕਲ ਆ ਰਹੀ ਹੈ। ਇਲਾਕਾ ਵਾਸੀ ਮਨਜੀਤ ਸਿੰਘ ਮੁੰਦਰਾ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਦਾਅਵਿਆਂ ਦੀ ਬਜਾਏ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਨਿਕਾਸੀ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਲੋਕ ਸੜਕਾਂ ਜਾਮ ਕਰਕੇ ਧਰਨਾ ਦੇਣ ਲਈ ਮਜਬੂਰ ਹੋਣਗੇ। ਦੂਜੇ ਪਾਸੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਜਾਣ ਵਾਲੀ ਸੜਕ ’ਤੇ ਕਮਿਸ਼ਨਰ ਦਫ਼ਤਰ ਦੇ ਨੇੜੇ ਚੌਕ ਵਿਚ ਵੀ ਸੀਵਰੇਜ ਦੀ ਨਿਕਾਸੀ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਇੱਥੇ ਪੁਲੀ ਬੰਦ ਹੋਣ ਕਾਰਨ ਪਿਛਲੇ ਕਈ ਹਫ਼ਤਿਆਂ ਤੋਂ ਗੰਦਾ ਪਾਣੀ ਨਵੀਂ ਬਣੀ ਸੜਕ ਉੱਪਰੋਂ ਲਗਾਤਾਰ ਵਗ ਰਿਹਾ ਹੈ। ਹਾਲਾਂਕਿ ਇਸ ਨੂੰ ਇੱਕ-ਦੋ ਵਾਰ ਸਾਫ਼ ਵੀ ਕਰਵਾਇਆ ਗਿਆ, ਪਰ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਸਕਿਆ। ਇਸ ਸੜਕ ਤੋਂ ਰੋਜ਼ਾਨਾ ਸੈਂਕੜੇ ਵਿਦਿਆਰਥੀ, ਬਜ਼ੁਰਗ ਅਤੇ ਹੋਰ ਲੋਕ ਲੰਘਦੇ ਹਨ। ਨਵੇਂ ਬੱਸ ਅੱਡੇ ਤੋਂ ਉਤਰ ਕੇ ਕਾਲਜਾਂ, ਅਦਾਲਤਾਂ ਅਤੇ ਹੋਰ ਕੰਮਾਂ ਲਈ ਜਾਣ ਵਾਲੇ ਲੋਕਾਂ ਨੂੰ ਗੰਦੇ ਪਾਣੀ ਵਿਚੋਂ ਲੰਘਣਾ ਪੈਂਦਾ ਹੈ। ਇਸ ਦੌਰਾਨ ਉੱਥੋਂ ਲੰਘਦੇ ਕਾਰਾਂ ਅਤੇ ਹੋਰ ਵਾਹਨਾਂ ਕਾਰਨ ਗੰਦੇ ਪਾਣੀ ਦੇ ਛਿੱਟੇ ਰਾਹਗੀਰਾਂ ਦੇ ਕੱਪੜਿਆਂ ’ਤੇ ਪੈਂਦੇ ਹਨ। ਲਗਾਤਾਰ ਪਾਣੀ ਖੜ੍ਹਾ ਰਹਿਣ ਅਤੇ ਵਗਣ ਕਾਰਨ ਹਾਲ ਹੀ ਵਿਚ ਬਣੀ ਸੜਕ ਵੀ ਨੁਕਸਾਨੇ ਜਾਣ ਦੇ ਖ਼ਤਰੇ ਵਿਚ ਹੈ। ਹੈਰਾਨੀ ਦੀ ਗੱਲ ਹੈ ਕਿ ਇਸੇ ਰਸਤੇ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਛੋਟੇ-ਵੱਡੇ ਅਧਿਕਾਰੀ ਵੀ ਰੋਜ਼ਾਨਾ ਲੰਘਦੇ ਹਨ, ਪਰ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਵਾਂ ਥਾਵਾਂ ’ਤੇ ਸੀਵਰੇਜ ਦੀ ਨਿਕਾਸੀ ਦਾ ਤੁਰੰਤ ਅਤੇ ਪੱਕਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਗੰਦਗੀ ਅਤੇ ਬਦਬੂ ਤੋਂ ਰਾਹਤ ਮਿਲ ਸਕੇ ਅਤੇ ਨਵੀਆਂ ਸੜਕਾਂ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਕੋਆਪਰੇਟਿਵ ਸੁਸਾਇਟੀਆਂ ਵਿਚ ਕੈਸ਼ ਕ੍ਰੈਡਿਟ ਤੇ ਕਿਸਾਨ ਕ੍ਰੈਡਿਟ ਕਾਰਡ ਸੰਬੰਧੀ ਨਵੀਂ ਨੀਤੀ ਵਾਪਸ ਲੈਣ ਦੀ ਮੰਗ ਨਵੀਆਂ ਸ਼ਰਤ... ਅਗਲੀ ਖ਼ਬਰ 253 ਅਧਿਆਪਕਾਂ ਨੂੰ ਨੌਕਰੀ ’ਚੋਂ ਕੱਢਣ ਦੇ ਵਿਰੋਧ ’ਚ ਹੁਕਮਾਂ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ
Ad Position 24