ਨੰਗਲ ਰੇਲਵੇ ਅੰਡਰ ਪਾਸ ਦੀ ਮੰਗ ’ਤੇ ਰੇਲਵੇ ਨੇ ਚੁੱਕਿਆ ਕਦਮ, ਸਰਵੇਖਣ ਦੀ ਤਿਆਰੀ
ਨੰਗਲ, 4 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਸ਼ਹਿਰ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਰੇਲਵੇ ਅੰਡਰ ਪਾਸ ਦੀ ਮੰਗ ’ਤੇ ਹੁਣ ਕਾਰਵਾਈ ਅੱਗੇ ਵਧਣ ਦੀ ਉਮੀਦ ਜਾਗੀ ਹੈ। ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਡਾ.
ਨੰਗਲ, 4 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਸ਼ਹਿਰ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਰੇਲਵੇ ਅੰਡਰ ਪਾਸ ਦੀ ਮੰਗ ’ਤੇ ਹੁਣ ਕਾਰਵਾਈ ਅੱਗੇ ਵਧਣ ਦੀ ਉਮੀਦ ਜਾਗੀ ਹੈ। ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਵਲੋਂ ਅੰਬਾਲਾ ਦੇ ਡੀ.ਆਰ.ਐਮ. ਵਿਨੋਦ ਭਾਟੀਆ ਨਾਲ ਮੁਲਾਕਾਤ ਕਰਕੇ ਮੰਗ-ਪੱਤਰ ਸੌਂਪਣ ਤੋਂ ਬਾਅਦ ਉੱਤਰੀ ਰੇਲਵੇ ਦੇ ਅੰਬਾਲਾ ਮੰਡਲ ਦਫ਼ਤਰ ਨੇ ਪੱਤਰ ਜਾਰੀ ਕਰਕੇ ਅੰਡਰਪਾਸ ਦੇ ਪ੍ਰਸਤਾਵ ਦੀ ਵਿਸਥਾਰਪੂਰਵਕ ਜਾਂਚ ਕਰਨ ਦੀ ਜਾਣਕਾਰੀ ਦਿੱਤੀ ਹੈ। ਡਾ. ਸ਼ਰਮਾ ਨੇ ਦੱਸਿਆ ਕਿ 2 ਨਵੰਬਰ ਨੂੰ ਜਾਰੀ ਪੱਤਰ ਅਨੁਸਾਰ ਰੇਲਵੇ ਅਧਿਕਾਰੀ ਸਬੰਧਿਤ ਧਿਰਾਂ ਨਾਲ ਵਿਚਾਰ-ਵਟਾਂਦਰਾ ਕਰਕੇ -ਪ੍ਰਸਤਾਵਿਤ ਸਥਾਨ ਦਾ ਨਿਰੀਖਣ ਕਰਨਗੇ। ਇਸ ਦੌਰਾਨ ਤਕਨੀਕੀ ਲੋੜਾਂ, ਸਾਈਟ ਦੀਆਂ ਸਥਿਤੀਆਂ ਅਤੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਦੇ ਵਪਾਰੀਆਂ ਅਤੇ ਹੋਰ ਸਬੰਧਿਤ ਲੋਕਾਂ ਦੇ ਸੁਝਾਅ ਵੀ ਲਏ ਜਾਣਗੇ, ਤਾਂ ਜੋ ਸਾਰਿਆਂ ਦੀ ਸਹਿਮਤੀ ਅਤੇ ਤਕਨੀਕੀ ਸੰਭਾਵਨਾਵਾਂ ਨੂੰ ਧਿਆਨ ਵਿਚ ਰੱਖ ਕੇ ਅਗਲੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਨੰਗਲ ਰੇਲਵੇ ਫਾਟਕ ’ਤੇ ਰੇਲਗੱਡੀਆਂ ਦੀ ਆਵਾਜਾਈ ਕਾਰਨ ਅਕਸਰ ਲੰਬੇ ਜਾਮ ਲੱਗਦੇ ਹਨ, ਜਿਸ ਨਾਲ ਸ਼ਹਿਰ ਵਾਸੀਆਂ, ਵਪਾਰੀਆਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਅੰਡਰ ਪਾਸ ਬਣਨ ਨਾਲ ਇਸ ਸਮੱਸਿਆ ਤੋਂ ਵੱਡੀ ਰਾਹਤ ਮਿਲ ਸਕਦੀ ਹੈ। ਡਾ. ਸ਼ਰਮਾ ਨੇ ਇਸ ਨੂੰ ਨੰਗਲ ਵਾਸੀਆਂ ਲਈ ਦੀਵਾਲੀ ਦਾ ਤੋਹਫ਼ਾ ਦੱਸਦਿਆਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਡੀ.ਆਰ.ਐਮ. ਵਿਨੋਦ ਭਾਟੀਆ ਦਾ ਧੰਨਵਾਦ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦ ਹੀ ਸਰਵੇਖਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।