ਐਚ. ਸੀ. ਐਲ. ਟੈਕ. ਦੇ ਐਚ. ਆਰ. ਮੁਖੀ ਨੇ ਲੈਮਰਿਨ ਟੈਕ ਸਕਿਲ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਸਫਲਤਾ ਦੇ ਗੁਰ
ਰੂਪਨਗਰ, 5 ਨਵੰਬਰ (ਸਤਨਾਮ ਸਿੰਘ ਸੱਤੀ)-ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਪੰਜਾਬ ਵਿਖੇ ਸਿਖਲਾਈ ਤੇ ਰੁਜ਼ਗਾਰ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਉਦਯੋਗ ਜਗਤ ਦੀਆਂ ਲੋੜਾਂ ਤੇ ਰੁਜ਼ਗਾਰ ਦੇ ਬਦਲਦੇ ਮੌਕਿਆਂ ਬਾਰੇ ਜਾਣੂ ਕਰਵਾਉਣ ਲਈ ਵਿਸ਼ੇਸ਼ ਗੱਲਬਾਤ ਕਰਵਾਈ ਗਈ। ਇਸ ਮੌਕੇ ਐਚ.
ਸ
ਸਮਾਗਮ ਤੋਂ ਪਹਿਲਾਂ ਮਾਹਿਰਾਂ ਦਾ ਸਵਾਗਤ ਕਰ ਰਹੇ ਨਿਰਮਲ ਸਿੰਘ ਰਿਆਤ।
06-11-2026
ਰੂਪਨਗਰ, 5 ਨਵੰਬਰ (ਸਤਨਾਮ ਸਿੰਘ ਸੱਤੀ)-ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਪੰਜਾਬ ਵਿਖੇ ਸਿਖਲਾਈ ਤੇ ਰੁਜ਼ਗਾਰ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਉਦਯੋਗ ਜਗਤ ਦੀਆਂ ਲੋੜਾਂ ਤੇ ਰੁਜ਼ਗਾਰ ਦੇ ਬਦਲਦੇ ਮੌਕਿਆਂ ਬਾਰੇ ਜਾਣੂ ਕਰਵਾਉਣ ਲਈ ਵਿਸ਼ੇਸ਼ ਗੱਲਬਾਤ ਕਰਵਾਈ ਗਈ। ਇਸ ਮੌਕੇ ਐਚ. ਸੀ. ਐਲ. ਟੈਕ. ਦੇ ਐਸੋਸੀਏਟ ਜਨਰਲ ਮੈਨੇਜਰ (ਐਚ. ਆਰ.) ਹਰਦੀਪ ਸਿੰਘ ਭਮਰਾਹ ਨੇ ਬੀ. ਟੈਕ. ਤੇ ਐਮ. ਸੀ. ਏ. ਦੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਸਫਲ ਕਰੀਅਰ ਬਣਾਉਣ ਲਈ ਅਹਿਮ ਸੁਝਾਅ ਦਿੱਤੇ। ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਹਰਦੀਪ ਸਿੰਘ ਭਮਰਾਹ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਦੌਰ ਵਿਚ ਸਿਰਫ਼ ਤਕਨੀਕੀ ਗਿਆਨ ਹੀ ਕਾਫ਼ੀ ਨਹੀਂ, ਸਗੋਂ ਆਪਣੀ ਗੱਲ ਸਹੀ ਢੰਗ ਨਾਲ ਕਹਿਣ ਦੀ ਕਲਾ, ਆਤਮਵਿਸ਼ਵਾਸ ਤੇ ਤਰਕਸ਼ੀਲ ਸੋਚ ਵੀ ਕਰੀਅਰ ਦੀ ਸਫਲਤਾ ਲਈ ਬੇਹੱਦ ਜ਼ਰੂਰੀ ਹਨ। ਉਨ੍ਹਾਂ ਐਚ. ਸੀ. ਐਲ. ਟੈਕ. ਦੀ ਭਰਤੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਆਪਣੇ ਵਿਸ਼ਿਆਂ ਦੀ ਮੁੱਢਲੀ ਜਾਣਕਾਰੀ ਮਜ਼ਬੂਤ ਕਰਨ, ਸਮੱਸਿਆਵਾਂ ਦੇ ਹੱਲ ਲੱਭਣ ਤੇ ਆਪਣੇ ਵਿਚਾਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੀ ਯੋਗਤਾ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਦੇ ਵਧਦੇ ਪ੍ਰਭਾਵ ਅਤੇ ਭਵਿੱਖ ਵਿਚ ਰੁਜ਼ਗਾਰ ਦੇ ਬਦਲਦੇ ਰੁਝਾਨਾਂ ਬਾਰੇ ਵੀ ਚਾਨਣਾ ਪਾਇਆ। ਇਸ ਦੌਰਾਨ ਵਿਦਿਆਰਥੀਆਂ ਨੇ ਸਾਲ 2026 ਵਿਚ ਉਦਯੋਗਾਂ ਲਈ ਲੋੜੀਂਦੇ ਹੁਨਰਾਂ, ਐਚ. ਸੀ. ਐਲ. ਟੈਕ. ਵਿਚ ਰੁਜ਼ਗਾਰ ਦੇ ਮੌਕਿਆਂ ਅਤੇ ਕਰੀਅਰ ਵਿਚ ਤਰੱਕੀ ਬਾਰੇ ਸਵਾਲ ਪੁੱਛੇ, ਜਿਨ੍ਹਾਂ ਦੇ ਹਰਦੀਪ ਸਿੰਘ ਭਮਰਾਹ ਨੇ ਵਿਸਥਾਰ ਨਾਲ ਜਵਾਬ ਦਿੱਤੇ। ਗੱਲਬਾਤ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਕਾਰਜਕਾਰੀ ਡੀਨ ਡਾ. ਐਚ. ਪੀ. ਐਸ. ਧਾਮੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਹੁਨਰ ਆਧਾਰਿਤ ਸਿੱਖਿਆ ਦੇਣਾ ਹੈ। ਸੰਸਥਾਪਕ ਚਾਂਸਲਰ ਡਾ. ਨਿਰਮਲ ਸਿੰਘ ਰਿਆਤ ਨੇ ਐਚ. ਸੀ. ਐਲ. ਟੈਕ. ਤੇ ਹਰਦੀਪ ਸਿੰਘ ਭਮਰਾਹ ਦਾ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ ਲਈ ਧੰਨਵਾਦ ਕੀਤਾ। ਮੁੱਖ ਕਾਰਜਕਾਰੀ ਅਧਿਕਾਰੀ ਵਿਮਲ ਮਨੋਤਰਾ ਨੇ ਕਿਹਾ ਕਿ ਅਜਿਹੀਆਂ ਗੱਲਬਾਤਾਂ ਵਿਦਿਆਰਥੀਆਂ ਨੂੰ ਆਪਣੇ ਕਰੀਅਰ ਦੀ ਬਿਹਤਰ ਯੋਜਨਾਬੰਦੀ ਕਰਨ ਵਿਚ ਸਹਾਈ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਐਚ. ਸੀ. ਐਲ. ਟੈਕ. ਨਾਲ ਮਿਲ ਕੇ ਸਿਖਲਾਈ ਅਤੇ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਲਈ ਯਤਨਸ਼ੀਲ ਹੈ। ਕਾਰਜਕਾਰੀ ਡਾਇਰੈਕਟਰ ਸਚਿਨ ਜੈਨ ਨੇ ਹਰਦੀਪ ਸਿੰਘ ਭਮਰਾਹ ਵਲੋਂ ਆਪਣਾ ਕੀਮਤੀ ਸਮਾਂ ਦੇਣ ਅਤੇ ਵਿਹਾਰਕ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਕੀਤਾ। ਇਸ ਗੱਲਬਾਤ ਨੂੰ ਕਰਵਾਉਣ ਵਿਚ ਸਿਖਲਾਈ ਅਤੇ ਰੁਜ਼ਗਾਰ ਵਿਭਾਗ ਦੇ ਡਾਇਰੈਕਟਰ ਅਮਿਤ ਅਥਵਾਲ ਦੀ ਅਹਿਮ ਭੂਮਿਕਾ ਰਹੀ।