ਸ੍ਰੀ ਚਮਕੌਰ ਸਾਹਿਬ ਦੀਆਂ ਸਹਾਇਕ ਮੰਡੀਆਂ ’ਚ ਝੋਨੇ ਦੀ ਖ਼ਰੀਦ ਬੰਦ
ਸ਼ੈਲਰ ਮਾਲਕਾਂ ਦਾ ਕੋਟਾ ਪੂਰਾ , ਲਿਫ਼ਟਿੰਗ ਨਾ ਮਾਤਰ , ਆੜ੍ਹਤੀ ਪ੍ਰੇਸ਼ਾਨ
ਸ੍ਰੀ ਚਮਕੌਰ ਸਾਹਿਬ, 5 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ ਵਿਚ ਖ਼ਰੀਦੇ ਝੋਨੇ ਦੀ ਸਵਾ ਲੱਖ ਦੇ ਕਰੀਬ ਬੋਰੀ ਲਿਫ਼ਟਿੰਗ ਦੀ ਇੰਤਜ਼ਾਰ ਵਿਚ ਮੰਡੀ ਵਿਚ ਪਈ ਹੈ। ਆੜ੍ਹਤੀ ਐਸੋ: ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਨੈਬ ਸਿੰਘ ਓਇੰਦ, ਕੇਹਰ ਸਿੰਘ ਦੁਗਰੀ, ਸਾਬਕਾ ਚੇਅਰਮੈਨ ਤਰਲੋਚਨ ਸਿੰਘ ਭੰਗੂ, ਮਨਜੀਤ ਸਿੰਘ ਕੰਗ ਆਦਿ ਨੇ ਕਿਹਾ ਕਿ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਅਧੀਨ ਬਸੀ ਗੁੱਜਰਾਂ, ਬੇਲਾ, ਹਾਫਿਜਾਬਾਦ, ਗੱਗੋਂ ਤੇ ਸਲੱਹੋਮਾਜਰਾ ਵਿਚ ਖ਼ਰੀਦ ਬੰਦ ਹੋ ਚੁੱਕੀ ਹੈ ਜਦਕਿ ਇਲਾਕੇ ਅੰਦਰ ਅਜੇ 20 ਫ਼ੀਸਦੀ ਝੋਨਾ ਖੇਤਾਂ ਵਿਚ ਖੜ੍ਹਾ ਹੈ।
ਸ
ਸ੍ਰੀ ਚਮਕੌਰ ਸਾਹਿਬ ਦੀ ਮੰਡੀ ਵਿਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਮੰਡੀ ਵਿਚ ਬੋਰੀਆਂ ਦੇ ਲੱਗੇ ਅੰਬਾਰ। ਤਸਵੀਰ : ਜਗਮੋਹਣ ਸਿੰਘ ਨਾਰੰਗ
06-11-2026
ਸ੍ਰੀ ਚਮਕੌਰ ਸਾਹਿਬ, 5 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ ਵਿਚ ਖ਼ਰੀਦੇ ਝੋਨੇ ਦੀ ਸਵਾ ਲੱਖ ਦੇ ਕਰੀਬ ਬੋਰੀ ਲਿਫ਼ਟਿੰਗ ਦੀ ਇੰਤਜ਼ਾਰ ਵਿਚ ਮੰਡੀ ਵਿਚ ਪਈ ਹੈ। ਆੜ੍ਹਤੀ ਐਸੋ: ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਨੈਬ ਸਿੰਘ ਓਇੰਦ, ਕੇਹਰ ਸਿੰਘ ਦੁਗਰੀ, ਸਾਬਕਾ ਚੇਅਰਮੈਨ ਤਰਲੋਚਨ ਸਿੰਘ ਭੰਗੂ, ਮਨਜੀਤ ਸਿੰਘ ਕੰਗ ਆਦਿ ਨੇ ਕਿਹਾ ਕਿ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਅਧੀਨ ਬਸੀ ਗੁੱਜਰਾਂ, ਬੇਲਾ, ਹਾਫਿਜਾਬਾਦ, ਗੱਗੋਂ ਤੇ ਸਲੱਹੋਮਾਜਰਾ ਵਿਚ ਖ਼ਰੀਦ ਬੰਦ ਹੋ ਚੁੱਕੀ ਹੈ ਜਦਕਿ ਇਲਾਕੇ ਅੰਦਰ ਅਜੇ 20 ਫ਼ੀਸਦੀ ਝੋਨਾ ਖੇਤਾਂ ਵਿਚ ਖੜ੍ਹਾ ਹੈ। ਓਧਰ ਖ਼ਰੀਦ ਬੰਦ ਹੋਣ ਦੇ ਬਾਵਜੂਦ ਸਮੁੱਚੀਆਂ ਮੰਡੀਆਂ ਵਿਚ 4 ਲੱਖ 25 ਹਜ਼ਾਰ ਬੋਰੀ ਮੰਡੀਆਂ ਵਿਚ ਪਿਆ ਹੈ, ਜਿਸ ਤੋਂ ਪ੍ਰੇਸ਼ਾਨ ਆੜ੍ਹਤੀ ਵਰਗ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਲਈ ਚਿਤਾਵਨੀ ਦੇ ਰਿਹਾ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਸ਼ੈਲਰ ਮਾਲਕਾਂ ਵਲੋਂ ਮੰਡੀਆਂ ਵਿਚੋਂ ਝੋਨਾ ਨਾ ਚੁੱਕਣ ਕਾਰਨ ਪੈਦਾ ਹੋਈ ਹੈ ਜਦੋ ਕਿ ਆੜ੍ਹਤੀ ਤੇ ਸ਼ੈਲਰ ਮਾਲਕ ਮਨਜੀਤ ਸਿੰਘ ਕੰਗ ਦਾ ਕਹਿਣਾ ਹੈ ਕਿ ਸ੍ਰੀ ਚਮਕੌਰ ਸਾਹਿਬ ਇਲਾਕੇ ਦੇ ਸ਼ੈਲਰ ਮਾਲਕਾਂ ਦਾ ਕੋਟਾ ਪੂਰਾ ਹੋ ਚੁੱਕਾ ਹੈ, ਜਿਸ ਸੰਬੰਧੀ ਉਨ੍ਹਾਂ ਫੂਡ ਸਪਲਾਈ ਵਿਭਾਗ ਨੂੰ ਲਿਖਤੀ ਰੂਪ ਵਿਚ ਦੇ ਦਿੱਤਾ ਹੈ ਤੇ ਹੁਣ ਉਹ ਮੰਗ ਕਰ ਰਹੇ ਹਨ ਕਿ ਜੋ ਵਾਧੂ ਝੋਨਾ ਹੈ, ਫੂਡ ਸਪਲਾਈ ਵਿਭਾਗ ਉਸ ਦਾ ਰਿਲੀਜ਼ ਆਰਡਰ ਜਾਰੀ ਕਰਕੇ ਹੋਰ ਸ਼ਹਿਰਾਂ ਦੇ ਸ਼ੈਲਰਾਂ ਕੋਲ ਭੇਜ ਸਕਦਾ ਹੈ। ਇਹ ਆਰ. ਓ. ਜਾਰੀ ਨਾ ਹੋਣ ਕਾਰਨ ਹੀ ਮੰਡੀਆਂ ਵਿਚ ਝੋਨਾ ਇਕੱਤਰ ਹੋ ਗਿਆ ਹੈ, ਜਿਸ ਕਾਰਨ ਲਿਫ਼ਟਿੰਗ ਦੀ ਸਮੱਸਿਆ ਪੈਦਾ ਹੋ ਗਈ ਹੈ। ਆੜ੍ਹਤੀਆਂ ਨੇ ਕਿਹਾ ਕਿ ਫੂਡ ਸਪਲਾਈ ਵਿਭਾਗ ਦੀ ਨਾਲਾਇਕੀ ਕਾਰਨ ਪੈਦਾ ਹੋਏ ਹਾਲਤਾਂ ਤੋਂ ਉਹ ਚਿੰਤਤ ਹਨ ਕਿਉਂਕਿ ਕਿ ਅੱਗੇ ਦੀਵਾਲੀ ਦਾ ਤਿਉਹਾਰ ਹੈ ਤੇ ਲੇਬਰ ਆਪਣੇ ਸੂਬੇ ਨੂੰ ਜਾਣ ਲਈ ਕਾਹਲੀ ਹੈ ਪਰ ਵਿਭਾਗ ਵਲੋਂ ਵਰਤੀ ਜਾ ਰਹੀ ਅਣਗਹਿਲੀ ਆੜ੍ਹਤੀਆਂ ਨੂੰ ਮਹਿੰਗੀ ਪੈ ਰਹੀ ਜਾਪ ਰਹੀ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਲਿਫ਼ਟਿੰਗ ਦੀ ਦੇਰੀ ਕਾਰਨ ਉਨ੍ਹਾਂ ਦਾ ਕਰੋੜਾ ਰੁਪਏ ਦਾ ਕਮਿਸ਼ਨ ਤੇ ਲੇਬਰ ਦੀ ਅਦਾਇਗੀ ਵੀ ਰੁਕ ਜਾਣੀ ਹੈ। ਸ੍ਰੀ ਚਮਕੌਰ ਸਾਹਿਬ ਦੇ ਆੜ੍ਹਤੀਆਂ ਨੇ ਕਿਹਾ ਕਿ ਜੇਕਰ ਅਗਲੇ ਇਕ ਦੋ ਦਿਨਾਂ ਵਿਚ ਲਿਫ਼ਟਿੰਗ ਮੁਕੰਮਲ ਨਾ ਕੀਤੀ ਤਾਂ ਆੜ੍ਹਤੀ ਸ੍ਰੀ ਚਮਕੌਰ ਸਾਹਿਬ ਵਿਖੇ ਧਰਨਾ ਲਗਾ ਕੇ ਸੰਘਰਸ਼ ਦਾ ਰੁੱਖ ਅਖ਼ਤਿਆਰ ਕਰਨਗੇ। ਇੱਥੇ ਦੱਸਣਯੋਗ ਹੈ ਕਿ ਸ੍ਰੀ ਚਮਕੌਰ ਸਾਹਿਬ ਦੀਆਂ ਮੰਡੀਆਂ ਵਿਚ 6 ਲੱਖ 68 ਹਜ਼ਾਰ 180 ਕੁਇੰਟਲ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ, ਜਿਸ ’ਚੋਂ 5 ਲੱਖ 25 ਹਜ਼ਾਰ ਕੁਇੰਟਲ ਝੋਨਾ ਚੁੱਕਿਆ ਜਾ ਚੁੱਕਾ ਹੈ ਤੇ ਸਵਾ ਲੱਖ ਕੁਇੰਟਲ ਝੋਨਾ ਮੰਡੀਆਂ ਵਿਚ ਪਿਆ ਹੈ।