ਜਨਗਣਨਾ ਡਿਊਟੀ ਨੂੰ ਲੈ ਕੇ ਪੇਸ਼ ਆ ਰਹੀਆਂ ਸਮੱਸਿਆਵਾਂ ਸੰਬੰਧੀ ਡੀ. ਟੀ. ਐੱਫ. ਵਲੋਂ ਤਹਿਸੀਲਦਾਰ ਨਾਲ ਮੀਟਿੰਗ
ਡੇਰਾਬੱਸੀ, 21 ਨਵੰਬਰ (ਗੁਰਮੀਤ ਸਿੰਘ)-ਜਨਗਣਨਾ ਨਾਲ ਸੰਬੰਧਿਤ ਡਿਊਟੀਆਂ ਦੌਰਾਨ ਅਧਿਆਪਕਾਂ ਅਤੇ ਹੋਰਨਾਂ ਮੁਲਾਜ਼ਮਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਡੈਮੋਕ੍ਰੇਟਿਕ ਟੀਚਰ ਫਰੰਟ (ਡੀ. ਟੀ.
ਡੇਰਾਬੱਸੀ, 21 ਨਵੰਬਰ (ਗੁਰਮੀਤ ਸਿੰਘ)-ਜਨਗਣਨਾ ਨਾਲ ਸੰਬੰਧਿਤ ਡਿਊਟੀਆਂ ਦੌਰਾਨ ਅਧਿਆਪਕਾਂ ਅਤੇ ਹੋਰਨਾਂ ਮੁਲਾਜ਼ਮਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਡੈਮੋਕ੍ਰੇਟਿਕ ਟੀਚਰ ਫਰੰਟ (ਡੀ. ਟੀ. ਐੱਫ.) ਦੇ ਵਫ਼ਦ ਨੇ ਬਲਾਕ ਪ੍ਰਧਾਨ ਸਤਵਿੰਦਰ ਅਨਮੋਲ ਦੀ ਅਗਵਾਈ ਹੇਠ ਤਹਿਸੀਲਦਾਰ ਮਨਦੀਪ ਸਿੰਘ ਨਾਲ ਮੀਟਿੰਗ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪਿਆਰ ਸਿੰਘ ਕੋਟਲੀ ਵੀ ਉਚੇਚੇ ਤੌਰ ‘ਤੇ ਮੌਜੂਦ ਰਹੇ। ਮੀਟਿੰਗ ਦੌਰਾਨ ਜਥੇਬੰਦੀ ਵਲੋਂ ਮੰਗ ਕੀਤੀ ਗਈ ਕਿ ਜਨਗਣਨਾ ਲਈ ਕਰਮਚਾਰੀਆਂ ਦੀਆਂ ਡਿਊਟੀਆਂ ਉਨ੍ਹਾਂ ਦੇ ਤਾਇਨਾਤੀ ਕੇਂਦਰਾਂ ਦੇ ਨੇੜੇ ਲਗਾਈਆਂ ਜਾਣ। ਇਸ ‘ਤੇ ਤਹਿਸੀਲਦਾਰ ਨੇ ਭਰੋਸਾ ਦਿੱਤਾ ਕਿ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਬੀ. ਐੱਲ. ਓ. ਦੀ ਡਿਊਟੀ ਕੱਟਣ ਦੀ ਮੰਗ ਸੰਬੰਧੀ ਵੀ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸੇ ਦੌਰਾਨ ਵਫ਼ਦ ਨੇ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਪੰਚਾਂ, ਪੰਚਾਂ ਤੇ ਪਿੰਡਾਂ ਦੇ ਮੁਹਤਬਰਾਂ ਨੂੰ ਜਾਗਰੂਕ ਕਰਨ ਦੀ ਮੰਗ ਰੱਖੀ। ਇਸ ਦੇ ਨਾਲ ਹੀ ਡਿਊਟੀਆਂ ਲਗਾਉਣ ‘ਚ ਪੱਖਪਾਤੀ ਰਵੱਈਏ ਤੇ ਮੁਲਾਜ਼ਮਾਂ ‘ਤੇ ਬੇਲੋੜਾ ਦਬਾਅ ਪਾਉਣ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ। ਇਸ ਮੌਕੇ ਤਹਿਸੀਲਦਾਰ ਨੇ ਜਥੇਬੰਦੀ ਵਲੋਂ ਉਠਾਈਆਂ ਗਈਆਂ ਸਾਰੀਆਂ ਮੰਗਾਂ ‘ਤੇ ਵਿਚਾਰ ਕਰਦਿਆਂ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ। ਮੀਟਿੰਗ ‘ਚ ਪ੍ਰਦੀਪ ਬਾਂਸਲ, ਬ੍ਰਿਜੇਸ਼ ਕੁਮਾਰ, ਅੰਗਰੇਜ਼ ਸਿੰਘ, ਮਹਿੰਦਰ ਪਾਲ, ਗੌਰਵ ਕੁਮਾਰ, ਗੁਰਵਿੰਦਰ ਸਿੰਘ, ਲਿਆਕਤ ਅਲੀ, ਯੋਵਨਦੀਪ ਧਵਨ, ਰਾਮ ਦਿੱਤਾ ਸਿੰਘ, ਰੌਸ਼ਨ ਲਾਲ ਅਤੇ ਸੌਰਵ ਕੁਮਾਰ ਵੀ ਹਾਜ਼ਰ ਸਨ।