ਚੱਬਾ, 5 ਜਨਵਰੀ (ਜੱਸਾ ਅਨਜਾਣ)-ਅੰਮਿ੍ਤਸਰ-ਝਬਾਲ ਰੋਡ ਅੱਡਾ ਬਹੋੜੂ ਵਿਖੇ ਏਕ ਨੂਰ ਚੈਰੀਟੇਬਲ ਟਰੱਸਟ ਵਲੋਂ 10 ਜਨਵਰੀ ਦਿਨ ਐਤਵਾਰ ਨੂੰ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਸੰਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਚੇਅਰਮੈਨ ਬੀਬੀ ਮਨਜੀਤ ਕੌਰ ਤੇ ਸੇਵਾਦਾਰ ਬਾਵਾ ਸਿੰਘ ਢਿੱਲੋਂ ਹਾਂਗਕਾਂਗ ਨੇ ਦੱਸਿਆ ਇਸ ਟਰੱਸਟ ਵਿਚ ਅਨਾਥ ਬੇਸਹਾਰਾ ਬੱਚੀਆਂ ਅਤੇ ਬਜ਼ੁਰਗ ਔਰਤਾਂ ਦੀ ਦੇਖਭਾਲ ਤੇ ਸਾਂਭ ਸੰਭਾਲ ਕੀਤੀ ਜਾਂਦੀ ਹੈ | ਇਸ ਟਰੱਸਟ ਵਿਚ 50 ਤੋਂ ਵੱਧ ਬੇਸਹਾਰਾ ਲੜਕੀਆਂ ਤੇ ਬਜ਼ੁਰਗ ਔਰਤਾਂ ਹਨ ਤੇ ਇਨ੍ਹਾਂ ਦੇ ਰੈਣ ਬਸੇਰੇ ਲਈ ਵੱਧ ਕਮਰਿਆਂ ਦੀ ਲੋੜ ਸੀ | ਅੱਜ ਸੰਗਤਾਂ ਦੇ ਮਿਲ ਰਹੇ ਸਹਿਯੋਗ ਨਾਲ ਇਸ ਟਰੱਸਟ ਦੀ ਪਹਿਲੀ ਮੰਜ਼ਿਲ ਮੁਕੰਮਲ ਹੋ ਗਈ ਹੈ | ਪ੍ਰਮਾਤਮਾ ਦੇ ਸ਼ੁਕਰਾਨੇ ਲਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਹਿਜ ਪਾਠ ਆਰੰਭ ਹਨ ਜਿਨ੍ਹਾਂ ਦੇ ਭੋਗ 10 ਜਨਵਰੀ ਦਿਨ ਐਤਵਾਰ ਨੂੰ ਪੈਣ ਉਪਰੰਤ ਕੀਰਤਨ ਸਮਾਗਮ ਹੋਵੇਗਾ ਜਿਸ 'ਚ ਪੰਥ ਦੇ ਮਹਾਨ ਪ੍ਰਚਾਰਕ ਤੇ ਰਾਗੀ ਸਿੰਘਾਂ ਤੋਂ ਇਲਾਵਾ ਇਲਾਕੇ ਦੇ ਸਰਪੰਚ, ਪੰਚ ਤੇ ਮੋਹਤਬਰ ਵੀ ਪੁੱਜਣਗੇ |