ਬਾਬਾ ਬਕਾਲਾ ਸਾਹਿਬ, 5 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਅਧਿਆਪਕ ਦਲ ਪੰਜਾਬ ਦੇ ਜਥੇਬੰਦਕ ਸਕੱਤਰ ਅਤੇ ਸਾਂਝਾ ਅਧਿਆਪਕ ਮੋਰਚਾ ਦੇ ਮੈਂਬਰ ਸ: ਹਰਿੰਦਰਜੀਤ ਸਿੰਘ ਜਸਪਾਲ ਨੇ ਸਮੂਹ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਚੋਣ ਡਿਊਟੀਆਂ ਵਿਚ ਹੁੰਦੇ ਅਣਮਨੁੱਖੀ ਵਤੀਰੇ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਹੁਣ ਬੇਹੱਦ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਕਮਲਜੀਤ ਕੌਰ ਅਤੇ ਜਸਕਰਨ ਸਿੰਘ ਜਿਨ੍ਹਾਂ ਦੀ ਚੋਣ ਡਿਊਟੀ ਜਾਂਦਿਆਂ ਹਾਦਸੇ ਵਿਚ ਮੌਤ ਹੋ ਗਈ ਸੀ, ਨੂੰ ਇਨਸਾਫ ਦਿਵਾਉਣ ਲਈ ਅਫ਼ਸਰਸ਼ਾਹੀ ਦੀਆਂ ਲੇਲੜੀਆਂ ਕੱਢਣ ਦੀ ਬਜਾਇ ਸੰਘਰਸ਼ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਅਜਿਹੇ ਹਾਦਸਿਆਂ ਦੌਰਾਨ ਪੀੜਤ ਪਰਿਵਾਰਾਂ ਨੂੰ 2-2 ਕਰੋੜ ਦੀ ਰਾਸ਼ੀ ਜਾਰੀ ਕਰਨ, ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚ ਸਰਕਾਰ ਚੁੱਕੇ, ਬੱਚਿਆਂ ਦੀ ਪੜ੍ਹਾਈ ਪੂਰੀ ਹੋਣ ਉਪਰੰਤ ਨੌਕਰੀ ਰਾਖਵੀਂ ਰੱਖਣ, ਐਸੋਸੀਏਟ ਅਧਿਆਪਕਾ ਰਾਜਵੀਰ ਕੌਰ (ਸੁਨਾਮ ਬਲਾਕ) ਦਾ ਇਲਾਜ ਦਾ ਖਰਚਾ ਸਰਕਾਰ ਕਰੇ, ਵੋਟਾਂ ਸਮੇਂ ਅਧਿਆਪਕਾਂ ਦੀਆਂ ਡਿਊਟੀਆਂ ਰਿਹਾਇਸ਼ ਦੇ ਨੇੜੇ ਲਾਉਣ, ਅਧਿਆਪਕਾਂ ਤੋਂ ਗੈਰ ਵਿੱਦਿਅਕ ਲੈਣੇ ਬੰਦ ਕਰਾਉਣ, ਅੰਗਹੀਣ, ਕਰੋਨਿਕ ਡਿਸੀਜ਼ ਅਤੇ ਕਪਿਲ ਕੇਸ ਦੀਆਂ ਚੋਣ ਡਿਊਟੀਆਂ ਨਾ ਲਗਾਉਣ ਸੰਬੰਧੀ ਸਾਂਝਾ ਸੰਘਰਸ਼ ਉਲੀਕਿਆ ਜਾਵੇ | ਸ: ਜਸਪਾਲ ਨੇ ਕਿਹਾ ਕਿ ਮਿਤੀ 2 ਜਨਵਰੀ ਨੂੰ 17 ਅਧਿਆਪਕ ਜਥੇਬੰਦੀਆਂ ਦੀ ਮੋਗਾ ਵਿਖ਼ੇ ਹੋਈ ਮੀਟਿੰਗ ਵਿਚ ਹੋਏ ਫ਼ੈਸਲੇ ਅਨੁਸਾਰ ਸਾਂਝਾ ਅਧਿਆਪਕ ਮੋਰਚੇ ਨੇ ਵੀ ਸੰਘਰਸ਼ ਦੀ ਹਮਾਇਤ ਕਰਦਿਆਂ ਫ਼ੈਸਲਾ ਕੀਤਾ ਕਿ ਹਰ ਜ਼ਿਲੇ ਵਿਚ ਇਨਸਾਫ ਕੈਂਡਲ ਮਾਰਚ ਕੱਢਿਆ ਜਾਵੇ | ਇਸ ਸੰਬੰਧੀ ਹਰ ਅਧਿਆਪਕ ਨੂੰ ਅਪੀਲ ਹੈ ਕਿ ਜਥੇਬੰਦੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਸਾਂਝੇ ਤੌਰ 'ਤੇ ਇਕ ਮੀਟਿੰਗ ਕਰਨੀ ਚਾਹੀਦੀ ਹੈ ਤਾਂ ਕਿ 18 ਜਨਵਰੀ ਦੀ ਮੋਗਾ ਰੈਲੀ ਸੰਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਜਾ ਸਕੇ | ਸ: ਜਸਪਾਲ ਨੇ ਕਿਹਾ ਕਿ ਅਧਿਆਪਕ ਦਲ ਪੰਜਾਬ, ਪੱਤਰਕਾਰਾਂ 'ਤੇ ਦਰਜ ਹੋਏ ਕੇਸਾਂ ਦੀ ਸਖਤ ਨਿਖੇਧੀ ਕਰਦਾ ਹੈ ਅਤੇ ਪੱਤਰਕਾਰ ਭਾਈਚਾਰੇ ਦੇ ਸੰਘਰਸ਼ ਦੀ ਹਮਾਇਤ ਕਰਦਾ ਹੈ |