ਬਾਬਾ ਬਕਾਲਾ ਸਾਹਿਬ, 5 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੇ ਚੌਗਿਰਦੇ ਨੂੰ ਖੂਬਸੂਰਤ ਬਣਾਉਣ ਲਈ ਅਹਿਮ ਉਪਰਾਲੇ ਜਾਰੀ ਹਨ | ਇਸ ਸੰਬੰਧੀ ਸ਼੍ਰੋਮਣੀ ਕਮੇਟੀ ਵਲੋਂ ਸੰਤ ਬਾਬਾ ਘੋਲਾ ਸਿੰਘ ਸਰਹਾਲੀ ਵਾਲਿਆਂ ਅਤੇ ਸੰਤ ਬਾਬਾ ਗੁਰਨਾਮ ਸਿੰਘ ਯੂ. ਪੀ. ਵਾਲਿਆਂ ਦੀ ਅਗਵਾਈ ਹੇਠ ਸਮੁੱਚੀ ਪਰਿਕਰਮਾ ਨੂੰ ਖੁੱਲ੍ਹਾ ਕਰਨ, ਪਰਿਕਰਮਾ ਵਿਚ ਸੰਗਰਮਰਮਰ ਲਾਉਣ, ਸ਼੍ਰੋਮਣੀ ਕਮੇਟੀ ਦਫਤਰੀ ਕਮਰੇ ਆਦਿ ਬਣਾਉਣ ਦੀ ਕਾਰ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ | ਹੁਣ ਗੁਰਦੁਆਰਾ ਸਾਹਿਬ ਵਿਖੇ ਨਵੀਂ ਤਿੰਨ ਮੰਜ਼ਲੀ ਆਧੁਨਿਕ ਸਹੂਲਤਾਂ ਵਾਲੀ ਨਵੀਂ ਕਾਰ ਪਾਰਕਿੰਗ ਦੀ ਬੇਸਮੈਂਟ ਦੇ ਕਾਰਜਾਂ ਲਈ ਅੱਜ ਦੂਸਰੇ ਪੜ੍ਹਾਅ ਤਹਿਤ, ਗੁਰੂ ਸਾਹਿਬ ਦਾ ਓਟ ਆਸਰਾ ਲੈਂਦਿਆਂ ਕਾਰ ਸੇਵਾ ਦੀ ਸ਼ੁੱਭ ਆਰੰਭਤਾ ਕੀਤੀ ਗਈ ਅਤੇ ਬੇਸਮੈਂਟ ਦੀ ਪਹਿਲੀ ਮੰਜ਼ਿਲ 'ਤੇ ਸੰਗਤਾਂ ਦੇ ਸਹਿਯੋਗ ਨਾਲ ਲੈਂਟਰ ਪਾਇਆ ਗਿਆ | ਸਭ ਤੋਂ ਪਹਿਲਾਂ ਹੈੱਡ ਗ੍ਰੰਥੀ ਭਾਈ ਹਰਦੇਵ ਸਿੰਘ ਨੇ ਸ਼ੁੱਭ ਕਾਰਜਾਂ ਦੀ ਆਰੰਭਤਾ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ | ਉਪਰੰਤ ਸੰਤ ਬਾਬਾ ਗੁਰਨਾਮ ਸਿੰਘ ਯੂ. ਪੀ. ਵਾਲਿਆਂ ਸਮੇਤ ਪੰਜ ਸਿੰਘਾਂ ਨੇ ਪਹਿਲੇ ਪੰਜ ਬਾਲਟੇ ਚੁੱਕਕੇ ਇਸ ਕਾਰਜ ਦੀ ਰਸਮੀਂ ਸ਼ੁਰੂਆਤ ਕੀਤੀ | ਇਸ ਮੌਕੇ ਯੂ. ਪੀ. ਵਾਲੀ ਸੰਗਤ ਨੇ ਵੀ ਕਾਰ ਸੇਵਾ ਵਿਚ ਵੱਡੀ ਗਿਣਤੀ ਵਿਚ ਹਿੱਸਾ ਲਿਆ | ਇਸ ਮੌਕੇ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ, ਜਥੇ. ਅਮਰਜੀਤ ਸਿੰਘ ਭਲਾਈਪੁਰ (ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ), ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਐਡੀਸ਼ਨਲ ਮੈਨੇਜਰ ਭਾਈ ਬਲਜੀਤ ਸਿੰਘ ਕੰਗ, ਮੀਤ ਮੈਨੇਜਰ ਭਾਈ ਜਗਤਾਰ ਸਿੰਘ, ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਬਾਬਾ ਗਿਆਨ ਸਿੰਘ, ਬਾਬਾ ਅਵਤਾਰ ਸਿੰਘ (ਬੱਬੂ ਬਾਬਾ), ਜਥੇ. ਬਾਬਾ ਦਵਿੰਦਰ ਸਿੰਘ ਸੋਨੂੰ ਗੋਇੰਦਵਾਲ ਸਾਹਿਬ ਵਾਲੇ, ਜਥੇ. ਰੇਸ਼ਮ ਸਿੰਘ ਪੱਲ੍ਹਾ ਆਦਿ ਹਾਜ਼ਰ ਸਨ |