ਜੰਡਿਆਲਾ ਗੁਰੂ, 24 ਜਨਵਰੀ (ਪ੍ਰਮਿੰਦਰ ਸਿੰਘ ਜੋਸਨ)-ਸਿੱਖ ਧਰਮ ਅਤੇ ਗੁਰਮਤਿ ਸਿਧਾਂਤਾਂ ਦੇ ਪ੍ਰਚਾਰ ਪ੍ਰਸਾਰ ਦੇ ਖੇਤਰ ਵਿਚ ਨਾਮਵਰ ਸੰਸਥਾ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ (ਰਜਿ.) ਪਿੰਡ ਵਡਾਲੀ ਡੋਗਰਾਂ ਨੇ ਆਪਣੇ ਪਰਿਵਾਰ ਵਿਚ ਵਾਧਾ ਕਰਦਿਆਂ ਬਿਕਰਮਜੀਤ ਸਿੰਘ ਖ਼ਾਲਸਾ (ਦੁਬਈ ਵਾਲੇ) ਨੂੰ ਸੁਸਾਇਟੀ ਵਿਚ ਸ਼ਾਮਲ ਕਰਦਿਆਂ ਉਨ੍ਹਾਂ ਨੂੰ ਸਲਾਹਕਾਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ | ਇਸ ਮੌਕੇ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਸਿੰਘ ਸੰਧੂ ਅਤੇ ਮੀਤ ਪ੍ਰਧਾਨ ਸੰਦੀਪ ਸਿੰਘ ਮੌਜੀ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਖ਼ਾਲਸਾ ਪਿਛਲੇ ਲੰਬੇ ਸਮੇਂ ਤੋਂ ਦੁਬਈ ਵਿਚ ਵਾਸ ਕਰ ਰਹੇ ਹਨ ਅਤੇ ਉੱਥੇ ਰਹਿੰਦਿਆਂ ਜਿੱਥੇ ਇਨ੍ਹਾਂ ਨੇ ਆਪਣੀ ਸ਼ਖ਼ਸੀਅਤ ਨੂੰ ਗੁਰਮਤਿ ਦੇ ਫਲਸਫ਼ੇ ਅਨੁਸਾਰ ਉਸਾਰਿਆ ਅਤੇ ਸਿੱਖ ਧਰਮ ਦੀ ਵਿਲੱਖਣਤਾ ਦੀ ਪਛਾਣ 'ਦਸਤਾਰ' ਦਾ ਸਨਮਾਨ ਵਧਾਇਆ ਹੈ, ਉੱਥੇ ਹੀ ਆਪਣੇ ਕਾਰਜ ਖੇਤਰ ਵਿਚ ਹੋਰ ਵੀ ਪ੍ਰਾਣੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲਾਇਆ | ਇਸ ਮੌਕੇ ਬਿਕਰਮਜੀਤ ਸਿੰਘ ਦੀਆਂ ਸੇਵਾਵਾਂ ਨੂੰ ਵੇਖਦਿਆਂ ਹੋਇਆਂ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ (ਰਜਿ.) ਨੇ ਇਨ੍ਹਾਂ ਨੂੰ ਨਿਯੁਕਤੀ ਪੱਤਰ ਨਾਲ ਨਿਵਾਜ ਕੇ ਤਿੰਨ ਸਾਲ ਲਈ 'ਸਲਾਹਕਾਰ' ਵਜੋਂ ਸੁਸਾਇਟੀ ਵਿਚ ਸ਼ਾਮਲ ਕੀਤਾ | ਇਸ ਮੌਕੇ ਬਿਕਰਮਜੀਤ ਸਿੰਘ ਖ਼ਾਲਸਾ ਨੇ ਸੁਸਾਇਟੀ ਦਾ ਧੰਨਵਾਦ ਕੀਤਾ ਅਤੇ ਪੂਰਨ ਵਿਸ਼ਵਾਸ ਦਿਵਾਇਆ ਕਿ ਉਹ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਹਿੱਤ ਸੁਸਾਇਟੀ ਵਲੋਂ ਲਗਾਈ ਹਰ ਜ਼ਿੰਮੇਵਾਰੀ ਨੂੰ ਬੜੀ ਦਿ੍ੜ੍ਹਤਾ ਨਾਲ ਨਿਭਾਉਣਗੇ ਅਤੇ ਸੁਸਾਇਟੀ ਦੇ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਵਿਚ ਆਪਣਾ ਪੂਰਨ ਸਹਿਯੋਗ ਦੇਣਗੇ | ਜ਼ਿਕਰਯੋਗ ਹੈ ਕਿ ਬਿਕਰਮਜੀਤ ਸਿੰਘ ਖ਼ਾਲਸਾ ਦੁਬਈ ਵਿੱਚ ਆਪਣੀ ਕਿਰਤ ਕਰਦੇ ਹਨ ਅਤੇ ਬਾਬਾ ਜੁਝਾਰ ਸਿੰਘ ਦਸਤਾਰ ਕਲੱਬ ਨਾਲ ਜੁੜੇ ਹਨ | ਇਸ ਲਹਿਰ ਨਾਲ ਜੁੜ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਖ਼ਸ਼ੇ ਤਾਜ 'ਦਸਤਾਰ' ਨੂੰ ਆਪਣੇ ਸਿਰ ਉੱਤੇ ਸਜਾਇਆ ਅਤੇ ਹੋਰਾਂ ਦੇ ਸਿਰ ਤੇ ਵੀ ਲਗਾਤਾਰ ਸਜਾ ਰਹੇ ਹਨ | ਇਸ ਨਿਯੁਕਤੀ ਸਭਾ ਮੌਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਸਿੰਘ ਸੰਧੂ, ਮੀਤ ਪ੍ਰਧਾਨ ਸੰਦੀਪ ਸਿੰਘ ਮੌਜੀ, ਖ਼ਜ਼ਾਨਚੀ ਦਵਿੰਦਰਪਾਲ ਸਿੰਘ ਗੋਰਾ, ਸਲਾਹਕਾਰ ਹਰਭਜਨ ਸਿੰਘ ਮੌਜੀ, ਸਲਾਹਕਾਰ ਮਨਜਿੰਦਰ ਸਿੰਘ, ਸਮਸ਼ੇਰ ਸਿੰਘ, ਗੁਰਪ੍ਰੀਤ ਸਿੰਘ, ਕਰਨਬੀਰ ਸਿੰਘ ਹਾਜ਼ਰ ਸਨ |