ਮਾਨਾਂਵਾਲਾ, 5 ਫਰਵਰੀ (ਗੁਰਦੀਪ ਸਿੰਘ ਨਾਗੀ)-1 ਸਾਲ ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਵਿਚ ਅਨੀਮੀਆ ਦੀ ਬਿਮਾਰੀ (ਖੂਨ ਦੀ ਕਮੀ) ਹੋਣਾ ਚਿੰਤਾਜਨਕ ਹੈ ਅਤੇ ਬੱਚਿਆਂ ਵਿਚ ਖੂਨ ਦੀ ਕਮੀ ਦੇ ਮੁੱਖ ਕਾਰਨ ਗਰਭਵਤੀ ਔਰਤਾਂ ਵਿਚ ਖੂਨ ਦੀ ਕਮੀ, ਬੱਚਿਆਂ ਨੂੰ ਮਾਂ ਦੇ ਦੁੱਧ ਦੀ ਬਜਾਏ ਗਾਂ ਜਾਂ ਮੱਝ ਦਾ ਦੁੱਧ ਪਿਆਉਣਾ, ਜਨਮ ਤੋਂ ਬਾਅਦ ਡਾਕਟਰੀ ਸਲਾਹ ਲੈ ਕੇ ਖੂਨ ਵਧਾਉਣ ਦੀ ਦਵਾਈ ਨਾ ਲੈਣਾ, ਹਰੀਆਂ ਸਬਜ਼ੀਆਂ ਦਾ ਸੇਵਨ ਘੱਟ ਕਰਨਾ, ਪੇਟ ਵਿਚ ਕੀੜਿਆਂ ਦਾ ਹੋਣਾ, ਭੁੱਖ ਨਾ ਲੱਗਣਾ, ਚਿੜਚਿੜਾਪਨ, ਮਿੱਟੀ, ਕਾਗਜ, ਰਬੜ ਖਾਣਾ, ਦੇਰੀ ਨਾਲ ਬੋਲਣਾ, ਰੋਗ ਰੋਕਣ ਦੀ ਸਮਰੱਥਾ ਘੱਟ ਹੋਣ ਦੇ ਲੱਛਣ ਪ੍ਰਮੁੱਖ ਹਨ | ਇਹ ਜਾਣਕਾਰੀ ਬੱਚਿਆਂ ਦੇ ਮਾਹਰ ਡਾ. ਸੁਪਿ੍ਯਾ ਰੰਧਾਵਾ ਨੇ ਗੁਰਸ਼ੇਰ ਹਸਪਤਾਲ, ਨੇੜੇ ਬ੍ਰੈਸਟਪ੍ਰਾਈਜ, ਮਾਨਾਂਵਾਲਾ ਵਿਖੇ ਇਕ ਵਿਸ਼ੇਸ਼ ਮੁਲਕਾਤ ਦੌਰਾਨ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੇ ਬਚਾਅ ਲਈ ਬੱਚੇ ਨੂੰ ਜਨਮ ਤੋਂ ਬਾਅਦ ਪਹਿਲੇ 6 ਮਹੀਨੇ ਸਿਰਫ ਮਾਂ ਦਾ ਦੁੱਧ ਹੀ ਦਿੱਤਾ ਜਾਵੇ ਅਤੇ ਹਰੇ ਪੱਤੇਦਾਰ ਸਬਜ਼ੀਆਂ ਦਾ ਸੇਵਨ ਦੇ ਨਾਲ ਨਾਲ ਸਮੇਂ-ਸਮੇਂ ਤੇ ਡਾਕਟਰੀ ਚੈੱਕਅੱਪ ਵੀ ਜਰੂਰੀ ਹੈ |