ਜੰਡਿਆਲਾ ਗੁਰੂ, 25 ਫਰਵਰੀ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਵਲੋਂ ਬੀਤੇ ਦਿਨ ਕਿੰਡਰਗਾਰਟਨ ਦੇ ਵਿਦਿਆਰਥੀਆਂ ਦੀਆਂ ਮਾਤਾਵਾਂ ਲਈ ਪ੍ਰੇਰਣਾਦਾਇਕ ਫੂਡ ਫੀਏਸਟਾ ਕੁਕਿੰਗ ਮੁਕਾਬਲਾ ਬੜੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ, ਜਿਸਦਾ ਮੁੱਖ ਉਦੇਸ਼ ਛੋਟੇ ਬੱਚਿਆਂ ਵਿਚ ਸਿਹਤਮੰਦ, ਖਾਣ-ਪੀਣ ਦੀਆਂ ਆਦਤਾਂ, ਪੌਸ਼ਟਿਕ ਅਤੇ ਸੰਤੁਲਿਤ ਆਹਾਰ ਦੀ ਮਹੱਤਤਾ ਅਤੇ ਸੁਆਦ ਨਾਲ ਭਰਪੂਰ ਪਰ ਸਿਹਤਮੰਦ ਘਰੇਲੂ ਭੋਜਨ ਦੀ ਪ੍ਰੇਰਣਾ ਦੇਣਾ ਸੀ | ਇਸ ਸਮਾਗਮ ਵਿਚ ਮਾਤਾਵਾਂ ਨੇ ਬੇਹੱਦ ਰਚਨਾਤਮਕਤਾ ਅਤੇ ਉਤਸ਼ਾਹ ਨਾਲ ਭਾਗ ਲੈਂਦਿਆਂ ਵੱਖ-ਵੱਖ ਪੌਸ਼ਟਿਕ, ਰੰਗੀਲੇ ਅਤੇ ਬੱਚਿਆਂ ਦੀ ਪਸੰਦ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੇ ਸੁਆਦਿਸ਼ਟ ਵਿਅੰਜਨ ਪੇਸ਼ ਕੀਤੇ | ਸਕੂਲ ਦਾ ਮਾਹੌਲ ਸੁਗੰਧ, ਰੰਗਾਂ ਅਤੇ ਖੁਸ਼ੀ ਨਾਲ ਮਹਿਕ ਉਠਿਆ ਅਤੇ ਹਰ ਵਿਅੰਜਨ ਵਿਚ ਮਾਤਾਵਾਂ ਦੀ ਮਮਤਾ, ਮਿਹਨਤ ਅਤੇ ਕਲਾਤਮਕ ਸੋਚ ਦੀ ਝਲਕ ਦਿਖਾਈ ਦਿੱਤੀ | ਇਸ ਮੌਕੇ ਪੇਸ਼ ਕੀਤੇ ਗਏ ਵਿਅੰਜਨਾਂ ਦਾ ਮੁਲਾਂਕਣ ਪੋਸ਼ਟਿਕਤਾ, ਸੁਆਦ, ਨਵੀਂ ਸੋਚ, ਪ੍ਰਸਤੁਤੀ ਅਤੇ ਬੱਚਿਆਂ ਲਈ ਉਪਯੋਗਤਾ ਦੇ ਆਧਾਰ 'ਤੇ ਕੀਤਾ ਗਿਆ | ਜੱਜਾਂ ਨੇ ਸਾਰੀਆਂ ਮਾਤਾਵਾਂ ਦੀ ਕਾਬਲੀਅਤ ਅਤੇ ਬੱਚਿਆਂ ਦੀ ਸਿਹਤ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲ ਸੋਚ ਦੀ ਭਰਪੂਰ ਸਰਾਹਨਾ ਕੀਤੀ | ਨੈਸ਼ਨਲ ਫਤਿਹ ਅਕੈਡਮੀ ਦੀ ਚੇਅਰਪਰਸਨ ਸ੍ਰੀਮਤੀ ਰਵਿੰਦਰ ਕੌਰ ਨੇ ਮਾਤਾਵਾਂ ਦੀ ਸਮਰਪਣ ਭਾਵਨਾ, ਰਚਨਾਤਮਕਤਾ ਅਤੇ ਬੱਚਿਆਂ ਵਿਚ ਸਿਹਤਮੰਦ ਭੋਜਨ ਸੰਸਕਾਰ ਪੈਦਾ ਕਰਨ ਲਈ ਉਨ੍ਹਾਂ ਦੇ ਯਤਨਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਸਮਾਗਮ ਦੀ ਸਫਲਤਾ ਲਈ ਸਭ ਨੂੰ ਵਧਾਈ ਦਿੱਤੀ | ਇਹ ਉਪਰਾਲਾ ਨੈਸ਼ਨਲ ਫਤਿਹ ਅਕੈਡਮੀ ਦੇ ਚੇਅਰਮੈਨ ਸ. ਜਗਬੀਰ ਸਿੰਘ ਦੀ ਦੂਰਦਰਸ਼ੀ ਸੋਚ ਨੂੰ ਦਰਸਾਉਂਦਾ ਹੈ, ਜੋ ਮੰਨਦੇ ਹਨ ਕਿ ਸਕੂਲ ਅਤੇ ਮਾਪਿਆਂ ਦੀ ਮਜ਼ਬੂਤ ਸਾਂਝ ਨਾਲ ਹੀ ਬੱਚਿਆਂ ਦਾ ਸਰਬਪੱਖੀ ਵਿਕਾਸ ਅਤੇ ਸਿਹਤਮੰਦ ਜੀਵਨ-ਸ਼ੈਲੀ ਸੰਭਵ ਹੈ | ਸਮਾਗਮ ਦੇ ਅੰਤ ਵਿਚ ਜੇਤੂਆਂ ਨੂੰ ਇਨਾਮ ਅਤੇ ਸਾਰੀਆਂ ਭਾਗੀਦਾਰ ਮਾਤਾਵਾਂ ਨੂੰ ਸਨਮਾਨ ਪੱਤਰ ਭੇਟ ਕੀਤੇ ਗਏ |