ਅਜਨਾਲਾ, 2 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਅਧਿਆਪਕਾਂ ਦੀਆਂ ਨੌਕਰੀਆਂ ਨੂੰ ਬਚਾਉਣ ਅਤੇ ਵਿਭਾਗੀ ਤਰੱਕੀਆਂ ਲਈ ਟੈੱਟ ਦੀ ਸ਼ਰਤ ਖਤਮ ਕਰਾਉਣ ਲਈ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਵਲੋਂ ਕੇਂਦਰੀ ਸਿੱਖਿਆ ਮੰਤਰੀ ਕੋਲ ਇਹ ਮੁੱਦਾ ਉਠਾਉਣ ਲਈ ਉਲੀਕੇ ਪ੍ਰੋਗਰਾਮ ਤਹਿਤ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਇਕ ਮੀਟਿੰਗ ਕੀਤੀ | ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਹਰਜਿੰਦਰ ਪਾਲ ਸਿੰਘ ਪੰਨੂੰ (ਸੂਬਾ ਪ੍ਰਧਾਨ ਐਲੀਮੈਂਟਰੀ ਟੀਚਰਜ਼ ਯੂਨੀਅਨ) , ਬਲਜਿੰਦਰ ਸਿੰਘ ਧਾਲੀਵਾਲ (ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ) ਦੀ ਅਗਵਾਈ ਹੇਠਲੇ ਵਫ਼ਦ ਦਾ ਪੂਰੀ ਗੰਭੀਰਤਾ ਨਾਲ ਪੱਖ ਸੁਣਨ ਉਪਰੰਤ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਲੰਮਾ ਤਜ਼ਰਬਾ ਹਾਸਿਲ ਪੰਜਾਬ ਦੇ ਅਧਿਆਪਕਾਂ ਦੀ ਟੈੱਟ ਦੀ ਸ਼ਰਤ ਖ਼ਤਮ ਕਰਨ ਦੀ ਜਾਇਜ਼ ਮੰਗ ਨੂੰ ਉਹ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਕੋਲ ਉਠਾ ਕੇ ਜਲਦ ਹੀ ਇਸ ਮਸਲੇ ਦਾ ਹੱਲ ਕਰਾਉਣ ਲਈ ਅਰਡੀਨੈਂਸ ਜਾਰੀ ਕਰਾਉਣਗੇ | ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਵਫ਼ਦ ਦੀ ਕੇਂਦਰੀ ਸਿੱਖਿਆ ਮੰਤਰੀ ਨਾਲ ਇਕ ਵਿਸ਼ੇਸ਼ ਮੀਟਿੰਗ ਵੀ ਜਲਦ ਤੈਅ ਕਰਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਗੁਰਿੰਦਰ ਸਿੰਘ ਘੁੱਕੇਵਾਲੀ, ਹਰਕਿ੍ਸ਼ਨ ਸਿੰਘ ਮੋਹਾਲੀ, ਗੁਰਮੀਤ ਸਿੰਘ ਭੁੱਲਰ, ਦਲਜੀਤ ਸਿੰਘ ਸੱਭਰਵਾਲ, ਅਸ਼ੋਕ ਸਰਾਰੀ, ਜਗਨੰਦਨ ਫਾਜ਼ਿਲਕਾ, ਪ੍ਰਸ਼ੋਤਮ ਸਿੰਘ ਕੱਦਗਿੱਲ, ਹਰਜਿੰਦਰ ਸਿੰਘ ਕਰਨਾਵਲ, ਨੀਰਜ ਕੁਮਾਰ ਫਾਜ਼ਿਲਕਾ, ਸਮਸ਼ੇਰ ਸਿੰਘ ਮੋਗਾ, ਧਰਮਿੰਦਰ ਸਿੰਘ ਫਰੀਦਕੋਟ, ਗਗਨਦੀਪ ਸਿੰਘ, ਰਜਵੰਤ ਸਿੰਘ ਮੋਹਾਲੀ ਅਤੇ ਹੋਰ ਆਗੂ ਮੌਜੂਦ ਸਨ |