ਜੰਡਿਆਲਾ ਗੁਰੂ, 2 ਮਾਰਚ (ਪ੍ਰਮਿੰਦਰ ਸਿੰਘ ਜੋਸਨ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਦਲਜਿੰਦਰ ਬੀਰ ਸਿੰਘ ਵਿਰਕ ਨੇ ਹੋਲੇ ਮਹੱਲੇ ਦੇ ਪੁਰਬ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ 3 ਮਾਰਚ ਨੂੰ ਕੀਤੀ ਜਾ ਰਹੀ ਪੰਥਕ ਅਕਾਲੀ ਕਾਨਫਰੰਸ ਵਿਚ ਸੰਗਤਾਂ ਨੂੰ ਵੱਧ ਚੜ੍ਹ ਕੇ ਪੁੱਜਣ ਦੀ ਪੁਰਜ਼ੋਰ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੀ ਪੰਥਕ ਅਕਾਲੀ ਕਾਨਫਰੰਸ ਵਿਚ ਪੰਥ ਵਿਚ ਏਕਤਾ ਦਾ ਪ੍ਰਗਟਾਵਾ ਹੋਵੇਗਾ ਅਤੇ ਇਸ ਸਮਾਗਮ ਦੌਰਾਨ ਪੰਥ ਤੇ ਪੰਜਾਬ ਨਾਲ ਮਹੱਤਵਪੂਰਨ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ ਜਾਣਗੇ ਅਤੇ ਆਉਣ ਵਾਲੇ ਭਵਿੱਖ ਦੀ ਰਾਜਨੀਤੀ ਦੀ ਸਾਂਝ ਵੀ ਪੰਥ ਨਾਲ ਪਾਈ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਵਿਚ 2027 ਵਿਚ ਬਣਨ ਵਾਲੀ ਸਰਕਾਰ ਦੀ ਰਣਨੀਤੀ, ਵਿਊਾਤਬੰਦੀ ਤੇ ਦਿਸ਼ਾ ਤੈਅ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਹੋਲਾ ਮਹੱਲਾ ਸਮਾਗਮ ਸੰਬੰਧੀ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਪਾਰਟੀ ਵਲੋਂ ਸੂਬੇ ਭਰ ਦੀ ਸੰਗਤ ਅਤੇ ਵਰਕਰਾਂ ਨੂੰ ਸਮਾਗਮ ਵਿਚ ਵੱਡੀ ਗਿਣਤੀ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਕੌਮ ਨੂੰ ਇਕਜੁੱਟ ਹੋ ਕੇ ਆਪਣੀ ਆਵਾਜ਼ ਮਜ਼ਬੂਤ ਕਰਨੀ ਚਾਹੀਦੀ ਹੈ | ਦਲਜਿੰਦਰ ਬੀਰ ਸਿੰਘ ਵਿਰਕ ਨੇ ਨੌਜਵਾਨਾਂ, ਮਹਿਲਾਵਾਂ ਅਤੇ ਪੰਥਕ ਜਥੇਬੰਦੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ 3 ਮਾਰਚ ਨੂੰ ਹਰ ਇਕ ਸੱਚੇ ਸਿੱਖ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਸ੍ਰੀ ਆਨੰਦਪੁਰ ਸਾਹਿਬ ਪਹੁੰਚਣਾ ਚਾਹੀਦਾ ਹੈ |
ਪੰਥਕ ਅਕਾਲੀ ਕਾਨਫਰੰਸ 'ਚ ਸੰਗਤਾਂ ਵੱਧ ਚੜ੍ਹ ਕੇ ਪੁੱਜਣ-ਦਲਜਿੰਦਰ ਬੀਰ ਵਿਰਕ <br/>
ਅਜੀਤ ਡੈਸਕ
03-03-2026