ਮਾਨਾਂਵਾਲਾ, 8 ਮਾਰਚ (ਗੁਰਦੀਪ ਸਿੰਘ ਨਾਗੀ)-ਤੰਬਾਕੂ ਦਾ ਸੇਵਨ ਮਨੁੱਖ ਦੇ ਮੂੰਹ ਅਤੇ ਗਲੇ ਦੇ ਕੈਂਸਰ ਦਾ ਮੁੱਖ ਕਾਰਨ ਬਣ ਰਿਹਾ ਹੈ | ਇਹ ਜਾਣਕਾਰੀ ਈ. ਐੱਨ. ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਗੁਰਸ਼ੇਰ ਹਸਪਤਾਲ, ਨਜਦੀਕ ਬ੍ਰੈਸਟਪ੍ਰਾਈਜ, ਮਾਨਾਂਵਾਲਾ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਮਨੁੱਖ ਨੂੰ ਮੂੰਹ ਅਤੇ ਗਲੇ ਦੇ ਕੈਂਸਰ ਹੋਣ ਦੇ ਵੱਖ-ਵੱਖ ਲੱਛਣ ਹੋ ਸਕਦੇ ਹਨ ਪਰ ਜਿਆਦਾਤਰ ਤੰਬਾਕੂ ਦਾ ਸੇਵਨ ਮੁੱਖ ਕਾਰਨ ਬਣ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਮੇਂ ਸਿਰ ਕੈਂਸਰ ਦੇ ਲੱਛਣਾ ਦਾ ਪਤਾ ਲੱਗਣ 'ਤੇ ਮੂੰਹ ਅਤੇ ਗਲੇ ਦੇ ਕੈਂਸਰ ਤੋਂ ਬਚਿਆ ਜਾ ਸਕਦਾ ਹੈ | ਆਵਾਜ਼ ਬਦਲਣਾ, ਆਵਾਜ਼ ਦਾ ਭਾਰੀ ਹੋਣਾ, ਗਲੇ ਵਿਚ ਗੰਢਾਂ ਦਾ ਮਹਿਸੂਸ ਹੋਣਾ, ਖਾਣਾ ਖਾਣ ਵਿਚ ਪ੍ਰੇਸ਼ਾਨੀ, ਸਰੀਰ ਥੱਕਿਆ ਰਹਿਣਾ, ਖਾਣਾ ਚਬਾਉਣ ਅਤੇ ਜੀਭ ਹਿਲਾਉਣ ਸਮੇਂ ਦਰਦ ਰਹਿਣਾ, ਲਗਾਤਾਰ ਵਜਨ ਘਟਣਾ, ਮੂੰਹ ਵਿਚੋਂ ਬਦਬੂ ਆਉਣਾ, ਸਾਹ ਲੈਣ ਵਿਚ ਤਕਲੀਫ, ਨੀਂਦ ਘੱਟ ਆਉਣਾ, ਖਾਸੀਂ ਦੇ ਨਾਲ ਮੂੰਹ ਵਿਚੋਂ ਖੂਨ ਆਉਣਾ ਕੈਂਸਰ ਦੇ ਲੱਛਣ ਹੋ ਸਕਦੇ ਹਨ | ਡਾ. ਰੰਧਾਵਾ ਨੇ ਕਿਹਾ ਕਿ ਅਗਰ ਕਿਸੇ ਵਿਅਕਤੀ ਦੇ ਸਰੀਰ ਵਿਚ ਉਕਤ ਲੱਛਣ ਦਿਖਾਈ ਦਿੰਦੇ ਹਨ ਤਾਂ ਮਰੀਜ ਦੇ ਕੈਂਸਰ ਦਾ ਟੁਕੜਾ ਲੈ ਕੇ ਉਸ ਨੂੰ ਟੈਸਟ ਲਈ ਭੇਜਿਆ ਜਾਂਦਾ ਹੈ ਕਿ ਕੈਂਸਰ ਕਿਸ ਪ੍ਰਕਾਰ ਦਾ ਹੈ ਅਤੇ ਇਸਦਾ ਇਲਾਜ ਕੀ ਹੋਵੇਗਾ | ਡਾ. ਰੰਧਾਵਾ ਨੇ ਦੱਸਿਆ ਕਿ ਅਗਰ ਮਰੀਜ ਦੇ ਪਹਿਲੀ ਸਟੇਜ 'ਤੇ ਕੈਂਸਰ ਦਾ ਪਤਾ ਲੱਗ ਜਾਂਦਾ ਹੈ ਤਾਂ ਉਸਦਾ ਇਲਾਜ (ਲੇਜਰ ਅਤੇ ਰੈਡੀਓਥਰੈਪੀ) ਕਿਰਨਾਂ ਨਾਲ ਕੀਤਾ ਜਾਂਦਾ ਹੈ ਦੂਸਰੀ ਅਤੇ ਤੀਸਰੀ ਸਟੇਜ ਵਿਚ ਆਪ੍ਰੇਸ਼ਨ ਅਤੇ ਕਿਰਨਾਂ ਨਾਲ ਇਲਾਜ ਕੀਤਾ ਜਾਂਦਾ ਹੈ | ਇਸ ਲਈ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਨੂੰ ਤੰਬਾਕੂ ਤੋਂ ਪ੍ਰਹੇਜ ਰੱਖਣਾ ਚਾਹੀਦਾ ਹੈ |
ਤੰਬਾਕੂ ਦਾ ਸੇਵਨ ਮੂੰਹ ਅਤੇ ਗਲੇ ਦੇ ਕੈਂਸਰ ਦਾ ਬਣ ਰਿਹਾ ਮੁੱਖ ਕਾਰਨ-ਡਾ. ਰੰਧਾਵਾ <br/>
ਅਜੀਤ ਡੈਸਕ
09-03-2026