ਨਵਾਂ ਪਿੰਡ, 8 ਮਾਰਚ (ਜਸਪਾਲ ਸਿੰਘ)-ਗੁਰੂ ਤੇਗ਼ ਬਹਾਦਰ ਸਾਹਿਬ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਵੱਲ੍ਹਾ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਸੁਸ਼ੋਭਿਤ ਇਤਿਹਾਸਕ ਗੁਰਦੁਆਰਾ ਕੋਠਾ ਸਾਹਿਬ ਸਮੂਹ 'ਚ 2 ਫਰਵਰੀ ਤੋਂ ਆਰੰਭ ਹੋਇਆ ਸਾਲਾਨਾ ਜੋੜ ਮੇਲਾ ਭਾਈ ਬਲਦੇਵ ਸਿੰਘ ਹੈੱਡ ਗ੍ਰੰਥੀ ਵਲੋਂ ਮੇਲੇ ਦੇ ਸਮਾਪਤੀ ਦੀ ਕੀਤੀ ਅਰਦਾਸ ਨਾਲ ਖ਼ਾਲਸਈ ਜਾਹੋ ਜਲਾਲ ਨਾਲ ਸਮਾਪਤ ਹੋਇਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਰਛਪਾਲ ਸਿੰਘ ਨੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਕ ਮਹੀਨਾ ਤੋਂ ਵੱਧ ਚੱਲੇ ਇਸ ਸਾਲਾਨਾ ਜੋੜ ਮੇਲੇ 'ਚ ਦੇਸ਼ ਤੇ ਵਿਦੇਸ਼ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਹਾਜ਼ਰੀ ਭਰੀ ਗਈ | ਇਸ ਦੌਰਾਨ ਸੱਜੇ ਧਾਰਮਿਕ ਦੀਵਾਨਾਂ 'ਚ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀਆਂ ਜਥਿਆਂ ਤੇ ਪ੍ਰਚਾਰਕਾਂ ਵਲੋਂ ਸੰਗਤਾਂ ਨੂੰ ਸਿੱਖ ਤੇ ਗੁਰ ਇਤਿਹਾਸ ਸਰਵਨ ਕਰਵਾਇਆ | ਇਸ ਮੌਕੇ ਉਨ੍ਹਾਂ ਤੇ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ ਵਲੋਂ ਹਰ ਨਿਸ਼ਕਾਮ ਸੇਵਾ ਸੰਸਥਾ 'ਮੈਦਾਨ ਫ਼ਤਹਿ ਸਭਾ, ਛੇਹਰਟਾ' ਦੀ ਸਮੁੱਚੀ ਟੀਮ ਜਿਨ੍ਹਾਂ ਵਲੋਂ ਕਿ ਪੂਰੇ ਮੇਲੇ ਦੌਰਾਨ ਗੁਰੂ ਦੇ ਅਟੁੱਟ ਲੰਗਰਾਂ ਲਈ ਬਾਲਣ ਦੇ ਨਾਲ ਟ੍ਰੈਫਿਕ ਕੰਟਰੋਲ ਦੀ ਬਾਖੂਬੀ ਨਿਸ਼ਕਾਮ ਸੇਵਾ ਕੀਤੀ ਗਈ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਭਾਈ ਇਕਬਾਲ ਸਿੰਘ, ਭਾਈ ਗੁਰਪ੍ਰੀਤ ਸਿੰਘ ਲੱਧੇਵਾਲ ਤੇ ਸਮੂਹ ਮੇਲਾ ਪ੍ਰਬੰਧਕ ਹਾਜਰ ਸਨ |