ਅਟਾਰੀ ਸਰਹੱਦ/ਰਮਦਾਸ, 24 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ਵਾਹਲਾ)-ਪਿੰਡ ਗੱਗੜ ਵਿਖੇ ਸਿਲਾਈ ਸੈਂਟਰ ਦਾ ਉਦਘਾਟਨ ਰਮਦਾਸ ਖੇਤਰ ਵਿਚ ਹੜ੍ਹਾਂ ਦੌਰਾਨ ਕੰਮ ਕਰਨ ਵਾਲੀਆਂ ਸੰਸਥਾਵਾਂ ਨਾਮਧਾਰੀ ਸੰਸਥਾ ਇਸਤਰੀ ਵਿੰਗ, ਸਰਬੱਤ ਦਾ ਭਲਾ ਟਰਸਟ ਚੈਰੀਟੇਬਲ ਅਤੇ ਪੰਜਾਬ ਇਸਤਰੀ ਸਭਾ ਦੇ ਸਹਿਯੋਗ ਨਾਲ ਰਮਦਾਸ ਦੇ ਨੇੜੇ ਪਿੰਡ ਗੱਗੜ ਵਿਖੇ ਲੜਕੀਆਂ ਨੂੰ ਹੱਥੀਂ ਕੰਮ ਸਿਖਾਉਣ ਦੇ ਤਹਿਤ ਸਿਲਾਈ ਸੈਂਟਰ ਖੋਲਿ੍ਹਆ ਗਿਆ | ਇਸ ਸਿਲਾਈ ਸੈਂਟਰ ਵਿਚ ਪਿੰਡ ਗੱਗੜ ਦੀਆਂ ਲੜਕੀਆਂ ਸਿਲਾਈ ਦੀ ਟ੍ਰੇਨਿੰਗ ਲੈਣ ਉਪਰੰਤ ਸਰਟੀਫਿਕੇਟ ਵੀ ਪ੍ਰਾਪਤ ਕਰਨਗੀਆਂ | ਜਿਸ ਆਧਾਰ 'ਤੇ ਉਨ੍ਹਾਂ ਨੂੰ ਸਵੈ ਰੁਜ਼ਗਾਰ ਮਿਲੇਗਾ, ਇਸ ਬਾਰੇ ਜਾਣਕਾਰੀ ਦਿੰਦਿਆਂ ਭੁਪਿੰਦਰ ਕੌਰ ਪ੍ਰਧਾਨ ਨਾਮਧਾਰੀ ਸੰਸਥਾ ਇਸਤਰੀ ਵਿੰਗ ਅਤੇ ਸ੍ਰੀਮਤੀ ਰਜਿੰਦਰ ਕੌਰ ਪ੍ਰਧਾਨ ਪੰਜਾਬ ਇਸਤਰੀ ਸਭਾ ਨੇ ਦੱਸਿਆ ਕਿ ਇਸ ਇਲਾਕੇ ਵਿਚ ਹੜ੍ਹਾਂ ਦੇ ਮੁਸ਼ਕਿਲ ਸਮੇਂ ਦੌਰਾਨ ਸਾਡੀਆਂ ਸੰਸਥਾਵਾਂ ਵਲੋਂ ਸਰਕਾਰ ਦੇ ਸਹਿਯੋਗ ਨਾਲ ਬਹੁਤ ਸਾਰੇ ਪਿੰਡਾਂ ਵਿਚ ਰਾਹਤ ਸਮੱਗਰੀ ਵੰਡੀ ਗਈ | ਇਸ ਦੌਰਾਨ ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਕਿ ਇਨ੍ਹਾਂ ਪਿੰਡਾਂ 'ਚ ਵਸਦੇ ਲੋਕਾਂ ਖਾਸ ਤੌਰ 'ਤੇ ਲੜਕੀਆਂ ਨੂੰ ਸਵੈ ਨਿਰਭਰ ਬਣਾਉਣ ਲਈ ਅਤੇ ਉਨ੍ਹਾਂ ਵਿਚ ਸਕਿੱਲ ਪੈਦਾ ਕਰਨ ਲਈ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ | ਪਿੰਡ ਦੀਆਂ ਲੜਕੀਆਂ ਨੂੰ ਸਰਬੱਤ ਦਾ ਭਲਾ ਟਰਸਟ ਚੈਰੀਟੇਬਲ ਦੇ ਸਹਿਯੋਗ ਨਾਲ ਮੁਫਤ ਉਚੇਰੀ ਵਿਦਿਆ ਦੇਣ ਦੇ ਨਾਲ ਨਾਲ ਹੋਰ ਕਿੱਤਿਆਂ ਵਿਚ ਵੀ ਪੜ੍ਹਾਈ ਕਰਵਾਉਣ ਦਾ ਉਦਮ ਕੀਤਾ ਜਾ ਰਿਹਾ ਹੈ | ਇਸ ਸਾਰੇ ਕੰਮ ਲਈ ਡਿਪਟੀ ਕਮਿਸ਼ਨਰ ਅੰਮਿ੍ਤਸਰ ਅਤੇ ਸਕੂਲ ਸਿੱਖਿਆ ਵਿਭਾਗ ਅੰਮਿ੍ਤਸਰ ਦਾ ਸਾਥ ਲਿਆ ਜਾ ਰਿਹਾ ਹੈ | ਉਨ੍ਹਾਂ ਨੇ ਪਿੰਡ ਦੇ ਸਰਪੰਚ ਮੈਂਬਰਾਂ ਅਤੇ ਹੋਰ ਅਹੁਦੇਦਾਰਾਂ ਦਾ ਬਹੁਤ ਹੀ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਉਹ ਇਸ ਸੇਵਾ ਦੇ ਕੰਮ ਵਿਚ ਸਫਲ ਹੋਣ ਲਈ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਨੇ ਪਿੰਡ ਦੇ ਆਂਗਣਵਾੜੀ ਸੈਂਟਰ ਦੇ ਇੰਚਾਰਜ ਸ੍ਰੀਮਤੀ ਪਰਮਜੀਤ ਕੌਰ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ | ਉਨ੍ਹਾਂ ਨੇ ਇਨ੍ਹਾਂ ਸੰਸਥਾਵਾਂ ਨੂੰ ਪੂਰਾ ਸਹਿਯੋਗ ਦਿੱਤਾ | ਜਿਸ ਕਾਰਨ ਇਹ ਸਭ ਕਰਨਾ ਸੰਭਵ ਹੋ ਸਕਿਆ | ਹੋਰ ਜਾਣਕਾਰੀ ਦਿੰਦਿਆਂ ਹੋਇਆਂ ਸੁਖਪਾਲ ਸਿੰਘ ਸੰਧੂ ਜ਼ਿਲ੍ਹਾ ਗਾਈਡੈਂਸ ਕੌਂਸਲਰ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅੰਮਿ੍ਤਸਰ ਨੇ ਦੱਸਿਆ ਕਿ ਇਹ ਪਿੰਡ ਅੰਮਿ੍ਤਸਰ ਤੋਂ ਕਾਫੀ ਦੂਰ ਹੈ ਅਤੇ ਗੱਗੜ ਤੋਂ ਰਮਦਾਸ ਤੱਕ ਆਵਾਜਾਈ ਦੇ ਸਾਧਨ ਵੀ ਨਹੀਂ ਹਨ | ਇਹ ਸੰਸਥਾਵਾਂ ਵਲੋਂ ਉਨ੍ਹਾਂ ਬੱਚਿਆਂ ਲਈ ਜੋ ਸ਼ਹਿਰ ਜਾ ਕੇ ਪੜ੍ਹਨਾ ਚਾਹੁੰਦੇ ਹਨ ਗੱਗੜ ਤੋਂ ਰਮਦਾਸ ਤੱਕ ਆਟੋ ਦਾ ਪ੍ਰਬੰਧ ਵੀ ਕੀਤਾ ਹੈ | ਇਸ ਮੌਕੇ ਤੇ ਪਿੰਡ ਦੇ ਸਰਪੰਚ ਸ਼੍ਰੀਮਤੀ ਅਮਨਦੀਪ ਕੌਰ ਅਤੇ ਪਿੰਡ ਦੇ ਸਮੂਹ ਵਾਸੀਆਂ ਵਲੋਂ ਸ਼੍ਰੀਮਤੀ ਭੁਪਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਨਾਮਧਾਰੀ ਸੰਸਥਾ ਅਤੇ ਸੰਸਥਾ ਦੇ ਮੁਖੀ ਠਾਕੁਰ ਦਲੀਪ ਸਿੰਘ ਅਤੇ ਸਾਰੀ ਨਾਮਧਾਰੀ ਸੰਗਤ ਦਾ ਧੰਨਵਾਦ ਕੀਤਾ | ਰਜਿੰਦਰ ਕੌਰ ਪ੍ਰਧਾਨ ਇਸਤਰੀ ਸਭਾ ਪੰਜਾਬ ਅਤੇ ਸੰਸਥਾ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਇਸੇ ਪ੍ਰਕਾਰ ਡਾਕਟਰ ਜੀਵਨ ਜੋਤ ਕੌਰ ਅਤੇ ਸਰਬੱਤ ਦਾ ਭਲਾ ਟਰਸਟ ਚੈਰੀਟੇਬਲ ਦੇ ਮੁਖੀ ਡਾਕਟਰ ਐਸ ਪੀ ਸਿੰਘ ਉਬਰਾਏ ਅਤੇ ਉਨ੍ਹਾਂ ਦੇ ਅਹੁਦੇਦਾਰਾਂ ਦਾ ਬਹੁਤ ਧੰਨਵਾਦ ਕੀਤਾ | ਵਿਦਿਆਰਥੀਆਂ ਦਾ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਨਾਲ ਹੀ ਸਕੂਲ ਬੈਗ ਵੰਡੇ ਗਏ | ਇਸ ਮੌਕੇ ਤੇ ਸ਼ਮਸ਼ੇਰ ਸਿੰਘ, ਸ਼੍ਰੀਮਤੀ ਦਲਜੀਤ ਕੌਰ ਅਤੇ ਪਿੰਡ ਦੀਆਂ ਹੋਰ ਮੋਹਤਬਰ ਮਹਿਲਾਵਾਂ ਵੀ ਮੌਜੂਦ ਸਨ |