ਗੱਗੋਮਾਹਲ, 3 ਮਈ (ਬਲਵਿੰਦਰ ਸਿੰਘ ਸੰਧੂ)-ਦਾਣਾ ਮੰਡੀ ਅਵਾਣ ਵਿਖੇ ਮਨਰਾਜ ਟ੍ਰੇਡਿੰਗ ਕੰਪਨੀ ਦੇ ਨਾਂਅ 'ਤੇ ਆੜਤ ਦਾ ਕੰਮ ਕਰਦੇ ਮਨਰਾਜ ਸਿੰਘ ਗਿੱਲ ਨੇ ਮੰਡੀ ਵਿਚੋਂ ਮਾਲ ਚੁੱਕਣ ਵਾਲੇ ਟੈਂਡਰ ਹੋਲਡਰ ਸੁਖਦੇਵ ਸਿੰਘ 'ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਬੀਤੇ ਸਾਲ ਇਸ ਮੰਡੀ ਦਾ ਟੈਂਡਰ ਸੁਖਦੇਵ ਸਿੰਘ ਕੋਲ ਸੀ ਜਿਸ ਨੇ ਅੱਗੇ ਇਹ ਟੈਂਡਰ ਗੁਰਪ੍ਰੀਤ ਸਿੰਘ ਵਾਸੀ ਜਗਦੇਵ ਖੁਰਦ ਨੂੰ ਦੇ ਦਿੱਤਾ ਜਦੋਂ ਕਿ ਉਸ ਕੋਲ ਟਰੱਕਾਂ ਦਾ ਕੋਈ ਵੀ ਪ੍ਰਬੰਧ ਨਹੀਂ ਸੀ | ਆੜਤੀਆਂ ਨੇ ਮਜਬੂਰੀ ਵੱਸ 4 ਤੋਂ 5 ਰੁਪਏ ਪ੍ਰਤੀ ਕੁਇੰਟਲ ਕੋਲੋਂ ਭਰ ਕੇ ਮੰਡੀ ਵਿਚੋਂ ਮਾਲ ਚੁਕਾਇਆ ਜਦੋਂ ਕਿ ਅੱਜ ਤੱਕ ਗੁਰਪ੍ਰੀਤ ਸਿੰਘ ਕਿਰਾਏ ਦਾ ਡੇਢ ਲੱਖ ਰੁਪਿਆ ਮੈਨੂੰ ਨਹੀਂ ਦੇ ਰਿਹਾ, ਇਸ ਵਾਰੀ ਸੁਖਦੇਵ ਸਿੰਘ ਖੁਦ ਮੰਡੀ ਵਿਚੋਂ ਲਿਫਟਿੰਗ ਕਰਨ ਲਈ ਅੱਗੇ ਆਇਆ ਤੇ ਕਹਿਣ ਲੱਗਾ ਕਿ ਪਿਛਲੇ ਪੈਸਿਆਂ ਦਾ ਮੈਨੂੰ ਕੁਝ ਪਤਾ ਨਹੀਂ | ਮੰਡੀ ਵਿਚੋਂ ਮਾਲ ਢੋਣ ਲਈ ਆੜਤੀਆਂ ਨੂੰ ਖੁਦ ਗੱਡੀਆਂ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ ਅਤੇ ਇਸ ਵਾਸਤੇ ਨੀਯਤ ਕਿਰਾਏ ਤੋਂ ਕਰੀਬ 7 ਰੁਪਏ ਕੁਇੰਟਲ ਵੱਧ ਦੇਣੇ ਪੈ ਰਹੇ ਹਨ | ਜਦੋਂ ਕਿ ਮੇਰੀ ਮੰਡੀ ਵਿਚ 70 ਤੋਂ 75 ਹਜਾਰ ਤੋੜਾ ਕਣਕ ਖੁੱਲ੍ਹੇ ਅਸਮਾਨ ਹੇਠ ਪਈ ਹੋਈ ਹੈ ਤੇ ਉਪਰੋਂ ਮੌਸਮ ਖ਼ਰਾਬ ਹੋ ਰਿਹਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਟੈਂਡਰ ਪਾਸ ਕਰਵਾਉਣ ਲਈ ਹੋਲਡਰ ਵਲੋਂ ਗਲਤ ਰਜਿਸਟ੍ਰੇਸ਼ਨਾਂ ਮਹਿਕਮੇ ਦੀ ਮਿਲੀ ਭੁਗਤ ਨਾਲ ਲਗਾ ਕੇ ਆੜਤੀਆਂ ਨੂੰ ਲੁੱਟਿਆ ਜਾ ਰਿਹਾ ਹੈ | ਮਨਰਾਜ ਸਿੰਘ ਨੇ ਮੁੱਖ ਮੰਤਰੀ ਪੰਜਾਬ, ਡਾਇਰੈਕਟਰ ਫੂਡ ਸਪਲਾਈ ਪੰਜਾਬ, ਡਿਪਟੀ ਕਮਿਸ਼ਨਰ ਅੰਮਿ੍ਤਸਰ ਨੂੰ ਯਾਦ ਪੱਤਰ ਭੇਜ ਕੇ ਇਸ ਟੈਂਡਰ ਹੋਲਡਰ ਦੀ ਇੰਨਕੁਆਰੀ ਕਰਵਾਉਣ ਤੇ ਆੜਤੀਆ ਦੇ ਫਸੇ ਪੈਸੇ ਕਢਵਾਉਣ ਦੀ ਬੇਨਤੀ ਕੀਤੀ ਹੈ | ਜਦੋਂ ਇਸ ਸੰਬੰਧੀ ਜਾਣਨ ਲਈ ਟੈਂਡਰ ਹੋਲਡਰ ਸੁਖਦੇਵ ਸਿੰਘ ਦੇ ਨਿੱਜੀ ਫ਼ੋਨ 'ਤੇ ਰਾਬਤਾ ਕੀਤਾ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ |