ਚੌਕ ਮਹਿਤਾ, 8 ਮਈ (ਜਗਦੀਸ਼ ਸਿੰਘ ਬਮਰਾਹ)-ਅੱਜ ਦੁਪਹਿਰ ਹਾਈਵੇ ਅਥਾਰਟੀ ਵਲੋਂ ਸ੍ਰੀ ਅਰੁਣ ਕੁਮਾਰ ਅਤੇ ਤਹਿਸੀਲ ਬਾਬਾ ਬਕਾਲਾ ਦੇ ਪਿੰਡ ਸੈਦੋਕੇ ਦੇ ਵਸਨੀਕ ਕਿਸਾਨਾਂ ਵਿਚਕਾਰ ਸੜਕ ਲਈ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਗੱਲਬਾਤ ਦਾ ਮਾਹੌਲ ਕਾਫੀ ਗਰਮ ਰਿਹਾ | ਭਾਵੇਂ ਕਿ ਬੀਤੇ ਸਾਲ 4 ਮਈ ਵਿਚ ਹੋਈ ਗੱਲਬਾਤ ਅਨੁਸਾਰ ਦੋਵਾਂ ਧਿਰਾਂ ਨੂੰ ਆਪੋ ਆਪਣੇ ਹੱਕ ਸੱਚ ਦਾ ਸਬੂਤਾਂ ਸਹਿਤ ਪ੍ਰਗਟਾਵਾ ਕਰਨ ਲਈ ਸਮਾਂ ਦਿੱਤਾ ਗਿਆ ਸੀ, ਪਰ ਅੱਜ ਵੀ ਕੋਈ ਗੱਲ ਸਿਰੇ ਨਹੀਂ ਚੜ੍ਹ ਸਕੀ | ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦੇ ਮਾਲਕ ਕਿਸਾਨਾਂ ਵਲੋਂ ਜ਼ਮੀਨ ਦੇ ਦਿੱਤੇ ਜਾ ਰਹੇ ਸਰਕਾਰੀ ਰੇਟ ਅਤੇ ਸੜਕ ਦੀ ਇਲਾਇੰਨਮੈਂਟ ਨੂੰ ਲੈ ਕੇ ਤਸੱਲੀਬਖਸ਼ ਪ੍ਰਗਟਾਵਾ ਨਹੀਂ ਕਰ ਰਹੇ ਸਨ | ਕਿਸਾਨਾਂ ਨੇ ਕਿਹਾ ਕਿ ਨੇੜਲੇ ਪਿੰਡਾਂ ਦੋਬੁਰਜੀ, ਉਦੋ ਨੰਗਲ ਅਤੇ ਖੱਬੇ ਰਾਜਪੂਤਾਂ ਦੇ ਕਿਸਾਨਾਂ ਨਾਲੋਂ ਪਿੰਡ ਸੈਦੋਕੇ ਦੇ ਕਿਸਾਨਾਂ ਨੂੰ ਜ਼ਮੀਨ ਦਾ ਸਿਰਫ ਚੌਥਾ ਹਿੱਸਾ ਰੇਟ ਦਿੱਤਾ ਜਾ ਰਿਹਾ ਹੈ, ਜੋ ਕਿ ਬਹੁਤ ਘਟ ਹੈ | ਉਨ੍ਹਾਂ ਨੇ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਬਾਰੇ ਸਰਕਾਰ ਅਤੇ ਸੰਬੰਧਿਤ ਮਹਿਕਮੇਂ ਨੂੰ ਲਿਖੀਆਂ ਚਿੱਠੀਆਂ ਦੇ ਹਵਾਲੇ ਮੀਡੀਏ ਨੂੰ ਵਿਖਾਏ, ਜੋ ਚਿਰਾਂ ਤੋਂ ਲਟਕਦੇ ਆ ਰਹੇ ਹਨ | ਇਸ ਮੌਕੇ ਤੇ ਕੋਈ ਹੱਲ ਨਾ ਨਿਕਲਣ ਕਾਰਨ ਪ੍ਰਸ਼ਾਸਨ ਵਲੋਂ ਤਹਿਸੀਲਦਾਰ ਰਣਜੀਤ ਸਿੰਘ ਨੇ ਦੋਵਾਂ ਧਿਰਾਂ ਨੂੰ ਆਉਂਦੇ ਮੰਗਲਵਾਰ 11 ਮਈ ਨੂੰ 11 ਵਜੇ ਐੱਸ. ਡੀ. ਐੱਮ. ਬਾਬਾ ਬਕਾਲਾ ਦੇ ਦਫ਼ਤਰ ਪਹੁੰਚ ਕੇ ਆਪੋ ਆਪਣੇ ਪੱਖ ਨੂੰ ਪੇਸ਼ ਕਰਨ ਲਈ ਸਮਾਂ ਦੇ ਦਿੱਤਾ ਹੈ | ਇਸ ਮੌਕੇ ਪਿੰਡ ਦੇ ਹੋਰ ਕਿਸਾਨਾਂ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸ਼ਿਵਚਰਨ ਸਿੰਘ ਢਿੱਲੋਂ, ਪ੍ਰੇਮ ਕੁਮਾਰ ਸਿੰਘ ਮਹਿਤਾ, ਦਵਿੰਦਰ ਪਾਲ ਸਿੰਘ, ਗੁਰਜੀਤ ਸਿੰਘ ਰੰਧਾਵਾ, ਨਰਿੰਦਰ ਸਿੰਘ, ਬਲਵਿੰਦਰ ਸਿੰਘ, ਬਹਾਦਰ ਸਿੰਘ, ਰਣਜੀਤ ਸਿੰਘ, ਨਰਿੰਦਰ ਸਿੰਘ, ਜਗਤਾਰ ਸਿੰਘ, ਬਿੱਕਰ ਸਿੰਘ, ਲੱਵਪ੍ਰੀਤ ਸਿੰਘ, ਸਤਨਾਮ ਸਿੰਘ, ਅਰਸ਼ਦੀਪ ਸਿੰਘ, ਨਿਰਮਲ ਸਿੰਘ ਅਤੇ ਬਹੁਤ ਸਾਰੀਆਂ ਬੀਬੀਆਂ ਵੀ ਮੌਜੂਦ ਸਨ | ਕਾਨੂੰਨੀ ਵਿਵਸਥਾ ਸਥਿਰ ਬਣਾਏ ਰੱਖਣ ਲਈ ਥਾਣਾ ਮਹਿਤਾ ਦੇ ਮੁਖੀ ਜਸਦੀਪ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਹੋਏ ਸਨ |