ਸਠਿਆਲਾ, 8 ਮਈ (ਜਗੀਰ ਸਿੰਘ ਸਫਰੀ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਪਾਸੋਂ ਸਠਿਆਲਾ ਪਿੰਡ ਦੇ ਲੋਕਾਂ ਨੇ ਛੱਪੜਾਂ ਅਤੇ ਡਰੇਨਾਂ ਦੀ ਨਿਕਾਸੀ ਕਰਵਾਉਣ ਦੀ ਮੰਗ ਕੀਤੀ ਗਈ ਹੈ | ਇਸ ਬਾਰੇ ਲੋਕਾਂ ਨੇ ਕਿਹਾ ਕਿ ਪਿੰਡ ਸਠਿਆਲਾ ਵਾਇਆ ਪਿੰਡ ਲੱਖੂਵਾਲ ਦੀ ਡਰੇਨ ਛੱਪੜ ਦੀ ਬੂਟੀ ਨਾਲ ਨੱਕੋ ਨੱਕ ਭਰੀ ਹੋਈ ਹੈ, ਤੇ ਛੱਪੜਾਂ ਦਾ ਨਿਕਾਸ ਬੰਦ ਹੋਣ ਕਾਰਨ ਗੰਦੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ | ਉਨ੍ਹਾਂ ਨੇ ਕਿਹਾ ਕਿ ਦੂਸਰੀ ਡਰੇਨ ਗੁੰਮ ਪੁੱਲ ਸਠਿਆਲਾ ਤੋਂ ਵਾਇਆ ਰਈਆ ਨੂੰ ਜਾਂਦੀ ਹੈ ਤੇ ਤੀਸਰੀ ਡਰੇਨ ਸੱਚੀਆਂ ਮਾਈਆਂ ਸਠਿਆਲਾ ਤੋਂ ਵਾਇਆ ਪਿੰਡ ਰਈਆ ਨੂੰ ਜਾਂਦੀ ਹੈ | ਉਨ੍ਹਾਂ ਨੇ ਕਿਹਾ ਕਿ ਬਰਸਾਤੀ ਮੌਸਮ ਤੋਂ ਪਹਿਲਾਂ ਇਨ੍ਹਾਂ ਡਰੇਨਾਂ ਅਤੇ ਛੱਪੜਾਂ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਗੰਦਾ ਪਾਣੀ ਖੜ੍ਹਾ ਰਹਿਣ ਨਾਲ ਬਦਬੂ ਫੈਲ ਰਹੀ ਹੈ ਅਤੇ ਮੱਛਰਾਂ ਦੀ ਭਰਮਾਰ ਕਾਰਨ ਬਿਮਾਰੀਆਂ ਫ਼ੈਲਣ ਦਾ ਖਤਰਾ ਬਣ ਸਕਦਾ ਹੈ | ਉਨ੍ਹਾਂ ਨੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਪਾਸੋਂ ਮੰਗ ਕੀਤੀ ਹੈ ਕਿ ਬਰਸਾਤੀ ਪਾਣੀ ਨਾਲ ਡਰੇਨਾਂ ਦਾ ਪਾਣੀ ਉਛਲ ਕੇ ਕਿਸਾਨਾਂ ਦੀਆਂ ਫ਼ਸਲਾਂ 'ਚ ਪੈ ਜਾਂਦਾ ਹੈ | ਇਸ ਕਰਕੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਕੇ ਜਲਦੀ ਤੋਂ ਜਲਦੀ ਛੱਪੜਾਂ ਅਤੇ ਡਰੇਨਾਂ ਦੀ ਸਫਾਈ ਕਰਵਾ ਕੇ ਨਿਕਾਸੀ ਦਾ ਪੱ ਕਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ |