ਬਿਆਸ, 16 ਮਈ (ਨਰਿੰਦਰ ਸਿੰਘ)-ਅਕਸਰ ਵੱਖ-ਵੱਖ ਸੜਕਾਂ ਦੇ ਉੱਤੇ ਸਾਮਾਨ ਦੀ ਢੋਆ ਢੁਆਈ ਦੇ ਲਈ ਜੁਗਾੜੂ ਵਾਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ | ਟਰੈਫਿਕ ਪੁਲਿਸ ਵਲੋਂ ਇਨ੍ਹਾਂ ਜੁਗਾੜੂ ਵਾਹਨਾਂ ਦੇ ਖ਼ਿਲਾਫ਼ ਸਖ਼ਤ ਨਾਕੇਬੰਦੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਅਜਿਹੇ ਵਾਹਨਾਂ ਨੂੰ ਇੰਪਾਊਾਡ ਕੀਤਾ ਜਾ ਰਿਹਾ ਹੈ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਜੁਗਾੜੂ ਵਾਹਨਾਂ ਦੇ ਕਾਰਨ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ | ਜਿਸ ਦੇ ਵਿਚ ਕੀਮਤੀ ਜਾਨਾਂ ਦਾ ਨੁਕਸਾਨ ਹੁੰਦਾ ਹੈ | ਅੱਜ ਅੰਮਿ੍ਤਸਰ ਦਿਹਾਤੀ ਪੁਲਿਸ ਵਲੋਂ ਜ਼ਿਲ੍ਹੇ ਭਰ ਦੇ ਵਿਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਅਤੇ ਖਾਸ ਕਰ ਜੁਗਾੜੂ ਵਾਹਨ ਚਾਲਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ | ਬਿਆਸ ਵਿਖੇ ਵੀ ਨਾਕੇਬੰਦੀ ਕਰਕੇ ਜੁਗਾੜੂ ਵਾਹਨਾਂ ਨੂੰ ਇੰਪਾਊਾਡ ਕੀਤਾ ਗਿਆ ਹੈ ਅਤੇ ਨਾਲ ਹੀ ਹੋਰਨਾਂ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਹਨ | ਇਸ ਦੌਰਾਨ ਗੱਲਬਾਤ ਕਰਦੇ ਹੋਏ ਟਰੈਫਿਕ ਪੁਲਿਸ ਅੰਮਿ੍ਤਸਰ ਦਿਹਾਤੀ ਦੇ ਇੰਚਾਰਜ ਇੰਸਪੈਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਵਿਚ ਟਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਵਾਹਨ ਚਾਲਕਾਂ ਦੇ ਵਿਚ ਟਰੈਫਿਕ ਨਿਯਮਾਂ ਦੇ ਪ੍ਰਤੀ ਜਾਗਰੂਕਤਾ ਲਿਆਉਣਾ ਅਤੇ ਉਸਦੀ ਪਾਲਣਾ ਕਰਾਉਣਾ ਬੇਹੱਦ ਜਰੂਰੀ ਹੈ | ਜਿਸ ਕਾਰਨ ਉਹ ਸਮੇਂ ਸਮੇਂ ਤੇ ਜ਼ਿਲ੍ਹੇ ਭਰ ਦੇ ਵਿਚ ਨਾਕੇਬੰਦੀਆਂ ਕਰਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਅੱਜ ਵੱਖ-ਵੱਖ ਜਗ੍ਹਾ ਦੇ ਉੱਤੇ ਕੀਤੀ ਗਈ ਨਾਕੇਬੰਦੀ ਦੇ ਦੌਰਾਨ ਦਰਜਨਾਂ ਜੁਗਾੜੂ ਵਾਹਨ ਰੇਹੜੀਆਂ ਨੂੰ ਇੰਪਾਉਂਡ ਕੀਤਾ ਗਿਆ ਹੈ | ਇਸ ਤੋਂ ਇਲਾਵਾ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਹਨ | ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ 'ਤੇ ਦੌੜ ਰਹੀਆਂ ਇਨ੍ਹਾਂ ਜੁਗਾੜੂ ਰੇਹੜੀਆਂ ਦੇ ਕਾਰਨ ਅਕਸਰ ਹਾਦਸਿਆਂ ਦਾ ਖਦਸ਼ਾ ਬਣਿਆ ਰਹਿੰਦਾ ਹੈ | ਜਿਸ ਕਾਰਨ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਖ਼ਾਸਕਰ ਜੁਗਾੜੂ ਵਾਹਨਾਂ ਦੇ ਖ਼ਿਲਾਫ਼ ਇਹ ਖ਼ਾਸ ਮੁਹਿੰਮ ਚਲਾਈ ਗਈ ਹੈ | ਉਨ੍ਹਾਂ ਦੱਸਿਆ ਕਿ ਅੰਮਿ੍ਤਸਰ ਦਿਹਾਤੀ ਖੇਤਰ ਅਧੀਨ ਉਹ ਲਗਾਤਾਰ ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਲਈ ਕਾਰਵਾਈ ਕਰਦੇ ਆ ਰਹੇ ਹਨ ਅਤੇ ਉਹ ਆਪਣੀ ਟੀਮ ਦੇ ਸਮੇਤ ਨਿਰੰਤਰ ਨਾਕੇਬੰਦੀਆਂ ਤੇ ਚੈਕਿੰਗ ਕਰ ਰਹੇ ਹਨ | ਇੰਸਪੈਕਟਰ ਚਰਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਜੁਗਾੜੂ ਰੇਹੜੀਆਂ ਦੇ ਚਲਾਨ ਕਰਦੇ ਹੋਏ | ਤਸਵੀਰ : ਨਰਿੰਦਰ ਸਿੰਘ