ਬਾਬਾ ਬਕਾਲਾ ਸਾਹਿਬ, 23 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਨਗਰ ਪੰਚਾਇਤੀ ਰਈਆ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨਾਲ ਸਬੰਧਿਤ 8 ਉਮੀਦਵਾਰਾਂ ਦੇ ਬਿਨਾਂ ਮੁਕਾਬਲੇ ਤੋਂ ਜੇਤੂ ਰਹਿਣ, ਉਪਰੰਤ ਵਾਰਡ ਨੰਬਰ 4 ਤੋਂ ਬਿਨਾਂ ਮੁਕਾਬਲੇ ਜੇਤੂ ਰਹੇ ਆਪ ਉਮੀਦਵਾਰ ਸੰਜੀਵ ਭੰਡਾਰੀ ਨੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਭ ਗੁਰੂ ਘਰ ਤੋਂ ਬਖ਼ਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ | ਸ੍ਰੀ ਭੰਡਾਰੀ ਨੇ ਦੱਸਿਆ ਕਿ ਰਈਆ ਦੀਆਂ 13 ਵਾਰਡਾਂ ਦੇ ਵਿਚ ਹੋਣ ਵਾਲੀ ਚੋਣ ਦੇ ਵਿਚ 13 ਵਿੱਚੋਂ 8 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਸਨ ਜਦ ਕਿ 5 ਵਾਰਡਾਂ ਦੇ ਵਿਚ ਚੋਣ ਵਿਚ ਅਸੀਂ ਆਪਣੇ ਉਮੀਦਵਾਰ ਖੜੇ ਕੀਤੇ ਹੋਏ ਹਨ | ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਸਰਬਜੀਤ ਸਿੰਘ ਮਾਨ, ਵਾਰਡ ਨੰਬਰ 4 ਤੋਂ ਉਹ ਖੁਦ (ਸੰਜੀਵ ਭੰਡਾਰੀ), ਵਾਰਡ ਨੰਬਰ 7 ਤੋਂ ਨੀਲਮ ਰਾਣੀ, ਵਾਰਡ ਨੰਬਰ 8 ਤੋਂ ਰਜਿੰਦਰ ਰਿਖੀ, ਵਾਰਡ ਨੰਬਰ 9 ਤੋਂ ਜੋਤੀ ਬਾਲਾ, ਵਾਰਡ ਨੰਬਰ 10 ਤੋਂ ਸੁਖਦੇਵ ਸਿੰਘ ਪੱਡਾ, ਵਾਰਡ ਨੰਬਰ 11 ਤੋਂ ਰਿੰਪੀ ਭੰਡਾਰੀ ਅਤੇ ਵਾਰਡ ਨੰਬਰ 12 ਤੋਂ ਵਿਸ਼ਾਲ ਮੰਨਣ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਹਨ, ਕਿਉਂਕਿ ਇਨ੍ਹਾਂ ਦੇ ਖਿਲਾਫ ਬਾਕੀ ਉਮੀਦਵਾਰਾਂ ਦੇ ਕਾਗਜ਼ ਸਹੀ ਨਾ ਪਾਏ ਜਾਣ ਦੇ ਕਾਰਨ ਐੱਸ.ਡੀ.ਐੱਮ. ਕਮ ਚੋਣ ਅਧਿਕਾਰੀ ਵਲੋਂ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਪਾਏ ਗਏ ਸਨ | ਸ੍ਰੀ ਭੰਡਾਰੀ ਨੇ ਅੱਗੇ ਦੱਸਿਆ ਕਿ ਰਈਆ ਦੇ 8 ਕੌਂਸਲਰ ਬਿਨਾਂ ਮੁਕਾਬਲਾ ਜੇਤੂ ਰਹਿਣ ਦੇ ਮਾਮਲੇ ਵਿਚ ਕਾਂਗਰਸੀ ਆਗੂਆਂ ਵਲੋਂ ਮਾਨਯੋਗ ਹਾਈਕੋਰਟ ਵਿੱਚ ਪਾਈ ਪਟੀਸ਼ਨ ਮਾਨਯੋਗ ਹਾਈਕੋਰਟ ਨੇ ਕੀਤੀ ਰੱਦ ਕਰ ਦਿੱਤੀ ਹੈ ਅਤੇ ਕਿਹਾ ਕਿ ਇਹ ਮਾਮਲਾ ਚੋਣ ਕਮਿਸ਼ਨ ਦੇ ਕੋਲ ਦਾਇਰ ਕਰੋ |