ਮਜੀਠਾ, 30 ਮਈ (ਮਨਿੰਦਰ ਸਿੰਘ ਸੋਖੀ)-ਨਗਰ ਕੌਂਸਲ ਮਜੀਠਾ ਦੀਆਂ ਹੋਈਆਂ ਚੋਣਾਂ ਵਿਚ ਸੱਤਾਧਾਰੀ ਪਾਰਟੀ ਵਲੋਂ ਇਕ ਵਾਰ ਫਿਰ ਲੋਕਤੰਤਰ ਦਾ ਕਤਲ ਕਰਕੇ ਸ਼ਰੇਆਮ ਧੱਕੇਸ਼ਾਹੀ ਕੀਤੀ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਨੇ ਨਗਰ ਕੌਂਸਲ ਮਜੀਠਾ ਦੀ ਵਾਰਡ ਨੰਬਰ 7 ਦੀ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਦੀਪ ਕੌਰ ਪਤਨੀ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਮਜੀਠਾ, ਸ਼ਹਿਰੀ ਬਲਾਕ ਪ੍ਰਧਾਨ ਕਾਂਗਰਸ ਪਾਰਟੀ ਨਵਦੀਪ ਸਿੰਘ ਸੋਨਾ ਦੇ ਗ੍ਰਹਿ ਮਜੀਠਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਬਿਆਨ ਜਾਰੀ ਕਰਦਿਆਂ ਕੀਤਾ। ਜੱਗਾ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਦੀਪ ਕੌਰ ਪਹਿਲਾਂ ਵੋਟਾਂ ਦੀ ਗਿਣਤੀ ਵਕਤ 166 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦਿੱਤੇ ਗਏ ਪਰ ਬਾਅਦ ਵਿਚ ਸੱਤਾਧਾਰੀ ਪਾਰਟੀ ਦੇ ਕਥਿਤ ਦਬਾਅ ਹੇਠ ਆ ਕੇ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰ ਨੇ ਦੁਬਾਰਾ ਗਿਣਤੀ ਦਾ ਬਹਾਨਾ ਬਣਾ ਕੇ ਉਕਤ ਉਮੀਦਵਾਰ ਦੀਆਂ 45 ਵੋਟਾਂ ਰੱਦ ਕਰਕੇ ਉਸ ਨੂੰ 60 ਵੋਟਾਂ ਦੇ ਫਰਕ ਨਾਲ ਹਾਰੇ ਕਰਾਰ ਦੇ ਦਿੱਤਾ। ਜੱਗਾ ਮਜੀਠੀਆ ਨੇ ਸੱਤਾਧਾਰੀ ਧਿਰ ਦੀ ਕਥਿਤ ਸ਼ਹਿ ‘ਤੇ ਅਜਿਹੀ ਕਾਰਵਾਈ ਕਰਨ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਕਾਰਜਸ਼ੈਲੀ ‘ਤੇ ਸਵਾਲ ਚੁੱਕੇ ਅਤੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੂੰ ਸਰਕਾਰ ਦੀ ਕਠਪੁਤਲੀ ਬਣ ਕੇ ਕੰਮ ਨਹੀ ਕਰਨਾ ਚਾਹੀਦਾ ਸਗੋਂ ਸੱਚ ਅਤੇ ਹੱਕ ਦੀ ਅਵਾਜ ਸੁਣ ਕੇ ਇਨਸਾਫ ਕਰਨਾ ਚਾਹੀਦਾ ਹੈ। ਜਿਹੜਾ ਕਿ ਇਨ੍ਹਾਂ ਅਧਿਕਾਰੀਆਂ ਨੇ ਨਹੀ ਕੀਤਾ। ਉਨ੍ਹਾਂ ਕਿਹਾ ਕਿ ਨਵਦੀਪ ਸਿੰਘ ਸੋਨਾ ਇਲਾਕੇ ਵਿਚ ਸਤਿਕਾਰ ਨਾਲ ਜਾਣਿਆ ਜਾਣ ਵਾਲਾ ਇਨਸਾਨ ਹੈ ਇਹ ਇਕ ਉਘਾ ਸਮਾਜ ਸੇਵਕ ਦੇ ਨਾਲ ਨਾਲ ਪ੍ਰਮਾਤਮਾ ਨੂੰ ਮੰਨਣ ਵਾਲਾ ਅਤੇ ਹਰ ਵਕਤ ਪ੍ਰਮਾਤਮਾ ਦੇ ਭੈਅ ਵਿਚ ਰਹਿਣ ਵਾਲਾ ਇਨਸਾਨ ਹੈ। ਜਿਸ ਦੀ ਇਮਾਨਦਾਰੀ ਦੀ ਸਾਰਾ ਸ਼ਹਿਰ ਗਵਾਹੀ ਭਰਦਾ ਹੈ। ਇਸੇ ਇਨਸਾਨੀਅਤ ਦੇ ਨਾਤੇ ਉਨ੍ਹਾਂ ਨੇ ਨਵਦੀਪ ਸਿੰਘ ਸੋਨਾ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਹੈ। ਜੱਗਾ ਮਜੀਠਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ 2027 ਦੀਆਂ ਆਮ ਚੋਣਾਂ ਵਿਚ ਇਸ ਦਾ ਖਾਮਿਆਜਾ ਭੁਗਤਣਾ ਪਵੇਗਾ। ਇਸ ਮੌਕੇ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਦੇ ਨਾਲ ਨੌਜਵਾਨ ਆਗੂ ਆਕਾਸ਼ਦੀਪ ਸਿੰਘ ਗਿੱਲ, ਨਵਦੀਪ ਸਿੰਘ ਸੋਨਾ, ਗੁਰਪਾਲ ਸਿੰਘ ਸੇਠ, ਵਿਜੈ ਕੁਮਾਰ, ਸ਼ਰਨਜੀਤ ਸਿੰਘ ਆਦਿ ਹਾਜ਼ਰ ਸਨ।