ਅਜਨਾਲਾ, 8 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੀ ਮੌਜੂਦਾ ਸਿਆਸਤ ਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਨਗਰ ਕੌਂਸਲ ਗੁਰਦਾਸਪੁਰ, ਕਾਦੀਆਂ, ਦੀਨਾਨਗਰ ਤੇ ਸ਼ਾਮ ਚੁਰਾਸੀ ਦੀਆਂ 13 ਜੂਨ ਨੂੰ ਹੋਣ ਵਾਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਦਰਜ ਕਰੇਗੀ | ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਪਾਰਟੀ ਵਰਕਰਾਂ ਨਾਲ ਮੀਟਿੰਗ ਉਪਰੰਤ 'ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਿਰਾਸ਼ ਹੋ ਚੁੱਕੇ ਹਨ ਅਤੇ ਲੋਕਾਂ ਦਾ ਰੁਝਾਨ ਤੇ ਭਰੋਸਾ ਮੁੜ ਕਾਂਗਰਸ ਵੱਲ ਵੱਧ ਰਿਹਾ ਹੈ | ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਲੋਕਾਂ ਨੇ ਕਾਂਗਰਸ ਦੇ ਹੱਕ ਵਿਚ ਭਰਪੂਰ ਸਮਰਥਨ ਦਿੱਤਾ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਜੇਕਰ ਈ.ਵੀ.ਐੱਮ. ਜਰੀਏ ਵੋਟਾਂ ਪੈਂਦੀਆਂ ਤਾਂ ਨਗਰ ਕੌਂਸਲ ਰਮਦਾਸ ਦੀਆਂ ਜ਼ਿਆਦਾਤਰ ਸੀਟਾਂ ਕਾਂਗਰਸ ਪਾਰਟੀ ਦੀ ਝੋਲੀ ਵਿਚ ਪੈਣੀਆਂ ਸਨ ਅਤੇ ਕਈ ਥਾਵਾਂ 'ਤੇ ਲੋਕਾਂ ਦੇ ਫ਼ੈਸਲੇ ਦੇ ਉਲਟ ਨਤੀਜੇ ਸਾਹਮਣੇ ਆਏ ਹਨ, ਜਿਸ ਕਾਰਨ ਲੋਕਾਂ ਵਿਚ ਵੀ ਕਾਫ਼ੀ ਚਰਚਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ 'ਤੇ ਉਠਾ ਰਹੀ ਹੈ ਅਤੇ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਜਾਰੀ ਰੱਖੇਗੀ | ਇਸ ਮੌਕੇ ਕਾਂਗਰਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ, ਕਾਂਗਰਸ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਡੈਮ, ਨਗਰ ਪੰਚਾਇਤ ਸਾਬਕਾ ਪ੍ਰਧਾਨ ਦੀਪਕ ਅਰੋੜਾ, ਸਾਬਕਾ ਕੌਂਸਲਰ ਗੁਰਦੇਵ ਸਿੰਘ ਨਿੱਝਰ, ਬਲਜਿੰਦਰ ਸਿੰਘ ਮਾਹਲ, ਗੁਰਿੰਦਰਬੀਰ ਸਿੰਘ ਮਾਹਲ, ਪ੍ਰਧਾਨ ਹਰਮਨ ਢਿੱਲੋਂ ਫੁੱਲੇਚੱਕ, ਗੁਰਦੀਪ ਸਿੰਘ ਸਿਰਸਾ, ਐਡਵੋਕੇਟ ਸੁਨੀਲਪਾਲ ਸਿੰਘ ਅਜਨਾਲਾ, ਸ਼ੁੱਭ ਸਿਰਸਾ, ਅਮਰਜੀਤ ਸਿੰਘ ਬਿੱਟੂ, ਬਾਬਾ ਗੋਲਡੀ ਸ਼ਾਹ, ਅਮਿੱਤ ਸ਼ਰਮਾ ਅਤੇ ਮੋਹਿਤ ਵਾਸ਼ਲ ਆਦਿ ਹਾਜ਼ਰ ਸਨ |