ਟਾਹਲੀ ਸਾਹਿਬ,8 ਜੂਨ (ਵਿਨੋਦ ਭੀਲੋਵਾਲ)-ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਅਤੇ ਐੱਸ. ਐੱਮ. ਓ. ਮੈਡਮ ਮੋਨਾ ਚੱਥਰਥ ਤਰਸਿੱਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਬੱਗਾ ਦੇ ਅਧੀਨ ਪਿੰਡ ਮਹਿਮੂਦਪੁਰਾਂ ਵਿਖੇ ਅਮਨਪ੍ਰੀਤ ਕੌਰ ਸੀ. ਐੱਚ. ਓ. ਦੀ ਅਗਵਾਈ ਵਿਚ ਪਿੰਡ ਵਿਚ ਕੁੜੀਆਂ ਦਾ ਅਨੁਪਾਤ ਘੱਟ ਹੋਣ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਲਈ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਤਹਿਤ ਕੈਂਪ ਲਗਾਇਆ ਗਿਆ | ਜਿਸ ਕੈਂਪ ਵਿਚ ਲੋਕਾਂ ਨੂੰ ਧੀਆਂ ਦੀ ਸਮਾਜ ਨੂੰ ਕੀ ਦੇਣ ਹੈ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਫ਼੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਵਿਚ ਬੀ. ਪੀ. ਅਤੇ ਸ਼ੂਗਰ ਦੀਆਂ ਦਵਾਈਆਂ ਫ੍ਰੀ ਵੰਡੀਆਂ ਗਈਆਂ | ਇਸ ਤੋਂ ਇਲਾਵਾ ਲੋਕਾਂ ਦੀ ਟੀ. ਬੀ. ਦੀ ਬਿਮਾਰੀ ਦੀ ਸਕਰੀਨਿੰਗ ਕੀਤੀ ਗਈ ਅਤੇ ਲੋਕਾਂ ਨੂੰ ਟੀ. ਬੀ. ਦੀ ਬਿਮਾਰੀ ਕਿਵੇ ਹੁੰਦੀ ਹੈ ਤੇ ਇਸ ਬਿਮਾਰੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸੁਖਚੈਨ ਸਿੰਘ ਹੈਲਥ ਵਰਕਰ, ਰਣਜੀਤ ਕੌਰ, ਗੁਰਜੀਤ ਕੌਰ ਆਸ਼ਾ ਵਰਕਰ ਤੇ ਪਿੰਡ ਦੇ ਨੁਮਾਇੰਦੇ ਆਦਿ ਹਾਜ਼ਰ ਸਨ |