ਬਾਬਾ ਬਕਾਲਾ ਸਾਹਿਬ, 10 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੇ ਸਮੇਂ ਦੌਰਾਨ ਹਲਕਾ ਬਾਬਾ ਬਕਾਲਾ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਫਰਜੰਦ ਪ੍ਰਦੀਪ ਸਿੰਘ ਭਲਾਈਪੁਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਹਨ। ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਆਪਣੇ ਫਰਜੰਦ ਪ੍ਰਦੀਪ ਸਿੰਘ ਭਲਾਈਪੁਰ ਸਮੇਤ ਪੰਜਾਬ ਕਾਂਗਰਸ ਭਵਨ, ਚੰਡੀਗੜ੍ਹ ਵਿਖੇ ਪੁਜਕੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਣਨ ‘ਤੇ ਪ੍ਰਦੀਪ ਸਿੰਘ ਭਲਾਈਪੁਰ ਨੂੰ ਭੁਪੇਸ਼ ਬਘੇਲ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਹਾਰਦਿਕ ਮੁਬਾਰਕਬਾਦ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ । ਉਨ੍ਹਾਂ ਨੇ ਪ੍ਰਦੀਪ ਸਿੰਘ ਭਲਾਈਪੁਰ ਦੀ ਪਿੱਠ ਥਾਪੜੀ ਅਤੇ ਕਿਹਾ ਕਿ ਯੂਥ ਕਾਂਗਰਸ ਹੀ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਹੈ, ਸੋ ਆ ਰਹੀਆਂ ਵਿਧਾਨ ਸਭਾ ਚੋਣਾਂ 2027 ਵਿਚ ਯੂਥ ਵੱਡੀ ਭੂਮਿਕਾ ਨਿਭਾਏ ਤਾਂ ਜੋ ਪੰਜਾਬ ਵਿਚ ਮੁੜ ਤੋਂ ਕਾਂਗਰਸ ਦਾ ਪਰਚਮ ਲਹਿਰਾਵੇ। ਇਸ ਮੌਕੇ ਸਰਪੰਚ ਦਲਜੀਤ ਸਿੰਘ ਬੱਪੀ, ਸਰਪੰਚ ਇਕਬਾਲ ਸਿੰਘ ਬੱਲ (ਦੋਵੇਂ ਮੈਂਬਰ ਬਲਾਕ ਸੰਮਤੀ), ਡਾ: ਬਿਕਰਮਜੀਤ ਸਿੰਘ ਬਾਠ, ਗੁਰਦਿਆਲ ਸਿੰਘ ਕੰਗ ਬੁਟਾਰੀ, ਸਰਪੰਚ ਪ੍ਰਭ ਥੋਥੀਆਂ, ਪ੍ਰਧਾਨ ਰੌਬਿਨ ਮਾਨ, ਜੈਵਿੰਦਰ ਸਿੰਘ ਭੁੱਲਰ ਪ੍ਰਧਾਨ ਸ਼ਹਿਰੀ, ਹਰਿੰਦਰ ਸਿੰਘ ਮੱਲਾ, ਜਗਦੀਪ ਸਿੰਘ ਮਾਨ ਅਤੇ ਹੋਰ ਮੌਜੂਦ ਸਨ ।