ਕੱਥੂਨੰਗਲ, 11 ਜੁਲਾਈ (ਦਲਵਿੰਦਰ ਸਿੰਘ ਰੰਧਾਵਾ)- ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਮਜੀਠਾ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ ਵਿਚ ਹਰ ਮਹੀਨੇ 1000 ਪਾਉਣ ਦਾ ਵਾਅਦਾ ਹੁਣ ਤੱਕ ਦਾ ਸਭ ਤੋਂ ਵੱਡਾ ਚੋਣੀ ਧੋਖਾ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਦਾਅਵੇ ਕਰਨ ਵਾਲੀ ਮਾਨ ਸਰਕਾਰ ਸੱਤਾ ’ਚ ਆਉਣ ਤੋਂ ਬਾਅਦ ਆਪਣੇ ਹੀ ਵਾਅਦੇ ਤੋਂ ਮੁੱਕਰ ਗਈ ਹੈ। ਸ: ਸੱਚਰ ਨੇ ਕਿਹਾ ਕਿ ਜੇਕਰ ਸਰਕਾਰ ਆਪਣੇ ਵਾਅਦੇ ਅਨੁਸਾਰ ਸਮੇਂ ਸਿਰ ਇਹ ਸਕੀਮ ਲਾਗੂ ਕਰਦੀ ਤਾਂ ਅੱਜ ਤੱਕ ਹਰ ਯੋਗ ਮਹਿਲਾ ਦੇ ਖਾਤੇ ਵਿੱਚ ਲਗਭਗ 50,000 ਪਹੁੰਚ ਚੁੱਕੇ ਹੁੰਦੇ। ਪਰ ਅੱਜ ਵੀ ਲੱਖਾਂ ਮਾਵਾਂ, ਭੈਣਾਂ ਅਤੇ ਧੀਆਂ ਆਪਣੇ ਖਾਤਿਆਂ ਵਿਚ ਇਕ ਵੀ ਕਿਸ਼ਤ ਆਉਣ ਦੀ ਉਡੀਕ ਕਰ ਰਹੀਆਂ ਹਨ। ਇਹ ਸਿਰਫ਼ ਇਕ ਵਾਅਦਾ ਨਹੀਂ ਟੁੱਟਿਆ, ਸਗੋਂ ਪੰਜਾਬ ਦੀਆਂ ਮਹਿਲਾਵਾਂ ਦੇ ਭਰੋਸੇ ਨਾਲ ਵੀ ਧੋਖਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਆਮ ਆਦਮੀ ਪਾਰਟੀ ਲੋਕਾਂ ਨੂੰ ਨਵੀਆਂ ਗਾਰੰਟੀਆਂ ਦਿੰਦੀ ਹੈ, ਪਰ ਪੁਰਾਣੀਆਂ ਗਾਰੰਟੀਆਂ ਦਾ ਕੋਈ ਹਿਸਾਬ ਨਹੀਂ ਦਿੰਦੀ। ਇਸ ਮੌਕੇ ਸਰਪੰਚ ਸ਼ਮਸ਼ੇਰ ਸਿੰਘ ਬਾਬੋਵਾਲ , ਸਾਬਕਾ ਸਰਪੰਚ ਸਤਨਾਮ ਸਿੰਘ ਚਾਚੋਵਾਲੀ, ਸਾਬਕਾ ਸਰਪੰਚ ਅਵਤਾਰ ਸਿੰਘ ਤੇ ਕੁਲਦੀਪ ਸਿੰਘ ਚਾਚੋਵਾਲੀ ਵੀ ਹਾਜ਼ਰ ਸਨ ।
ਹਰ ਮਹਿਲਾ ਦੇ ਕਰੀਬ 50 ਹਜ਼ਾਰ ਡਕਾਰ ਗਈ ਮਾਨ ਸਰਕਾਰ-ਸੱਚਰ
ਅਜੀਤ ਡੈਸਕ
13-07-2026