ਅਟਾਰੀ ਸਰਹੱਦ, (ਅੰਮ੍ਰਿਤਸਰ) 15 ਜੁਲਾਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਭਾਰਤ ਦੇ ਖੇਡ ਵਿਭਾਗ ਵਲੋਂ ਪੰਜਾਬ ਦੇ ਸਰਹੱਦੀ ਖੇਤਰ ਅੰਦਰ ਨਸ਼ਿਆਂ ਦੀ ਰੋਕਥਾਮ ਦਾ ਸੁਨੇਹਾ ਦਿੰਦਿਆਂ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਬੀ. ਐੱਸ. ਐੱਫ਼. ਦੇ ਮੁੱਖ ਦਫਤਰ ਖਾਸਾ ਅੰਮ੍ਰਿਤਸਰ ਵਿਖੇ ਪੰਜ ਦਿਨਾਂ ਫੁੱਟਬਾਲ ਟੂਰਨਾਮੈਂਟ ਦਾ ਆਗਾਜ਼ ਸ਼ੁਰੂ ਹੋ ਗਿਆ ਹੈ। ਇਸ ਟੂਰਨਾਮੈਂਟ ਦੀ ਸ਼ੁਰੂਆਤ ਅੱਜ ਸਵੇਰੇ ਬੀ. ਐੱਸ. ਐੱਫ਼. ਦੇ ਆਈ. ਜੀ. ਪੰਜਾਬ ਅਤੁਲ ਫੁਲਜਲੇ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਟੂਰਨਾਮੈਂਟ ਦੇ ਪਹਿਲੇ ਦਿਨ ਅੱਜ ਖੇਡੇ ਗਏ ਮੈਚਾਂ ਵਿਚ ਜਲੰਧਰ ਦੀ ਫੁਟਬਾਲ ਟੀਮ ਵਲੋਂ ਸੰਗਰੂਰ ਦੀ ਫੁੱਟਬਾਲ ਟੀਮ ਨੂੰ ਇਕ ਜ਼ੀਰੋ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ ਗਈ। ਇਸ ਮੌਕੇ ਆਈ. ਜੀ. ਪੰਜਾਬ ਅਤੁਲ ਫੁਲਜਲੇ ਨੇ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਬੀ. ਐੱਸ. ਐੱਫ਼. ਪੰਜਾਬ ਨੂੰ ਖੇਡ ਵਿਭਾਗ ਭਾਰਤ ਦੇ ਸਪੰਨਦਨ ਮਿਸ਼ਨ ਤਹਿਤ ਖੇਡ ਇੰਡੀਆ ਫਿਟ ਇੰਡੀਆ ਤਹਿਤ ਪੰਜ ਦਿਨਾਂ ਫੁੱਟਬਾਲ ਟੂਰਨਾਮੈਂਟ ਬੀ. ਐੱਸ. ਐੱਫ਼. ਅੰਮ੍ਰਿਤਸਰ ਸੈਕਟਰ ਦੇ ਮੁੱਖ ਦਫਤਰ ਖਾਸਾ ਵਿਖੇ ਕਰਵਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਵਿਚ ਪੰਜਾਬ ਦੇ 16 ਜ਼ਿਲ੍ਹਿਆਂ ਵਿਚੋਂ 22 ਖਿਡਾਰੀ ਸ਼ਿਰਕਤ ਕਰ ਰਹੇ ਹਨ ਤੇ ਅੰਮ੍ਰਿਤਸਰ ਆਏ ਸਮੁੱਚੇ ਪੰਜਾਬ ਦੇ ਫੁੱਟਬਾਲ ਖਿਡਾਰੀਆਂ ਨੂੰ ਬੀ. ਐੱਸ. ਐੱਫ਼. ਵਲੋਂ ਰਿਹਾਇਸ਼, ਖਾਣਾ, ਆਉਣ-ਜਾਣ ਦੀ ਸੁਵਿਧਾ ਦੇ ਨਾਲ-ਨਾਲ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 77ਵੀਂ ਪੰਜਾਬ ਸਟੇਟ ਸੀਨੀਅਰ ਫੁੱਟਬਾਲ ਚੈਂਪੀਅਨਸ਼ਿਪ ਜੋ ਕਿ ਪੰਜ ਦਿਨਾਂ ਅੰਮ੍ਰਿਤਸਰ ਖਾਸਾ ਮੁੱਖ ਦਫਤਰ ਬੀ. ਐੱਸ. ਐੱਫ਼. ਵਿਖੇ ਹੋ ਰਹੀ ਹੈ ਇਸ ਟੂਰਨਾਮੈਂਟ ਵਿਚ ਪੰਜੇ ਦਿਨ ਪੰਜਾਬ ਦੇ ਸਰਹੱਦੀ ਭਾਰਤ ਪਾਕਿਸਤਾਨ ਸਰਹੱਦ ‘ਤੇ ਡਿਊਟੀ ਨਿਭਾਅ ਰਹੇ ਬੀ. ਐੱਸ. ਐੱਫ਼. ਦੇ ਉੱਚ ਅਧਿਕਾਰੀਆਂ ਵਲੋਂ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਹਫ਼ਜਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਫੁੱਟਬਾਲ ਟੂਰਨਾਮੈਂਟ ਵਿਚ ਬੀ. ਐੱਸ. ਐੱਫ਼. ਦੀਆਂ ਫੁੱਟਬਾਲ ਟੀਮਾਂ ਤੋਂ ਇਲਾਵਾ ਜ਼ਿਲ੍ਹੇ ਪੱਧਰ ਦੀਆਂ ਫੁੱਟਬਾਲ ਟੀਮਾਂ ਵਲੋਂ ਵੀ ਸ਼ਿਰਕਤ ਕੀਤੀ ਜਾ ਰਹੀ ਹੈ। ਟੂਰਨਾਮੈਂਟ ਦੇ ਅੱਜ ਪਹਿਲੇ ਦਿਨ ਡੀ. ਆਈ. ਜੀ. ਬੀ. ਐੱਸ. ਐੱਫ਼. ਅੰਮ੍ਰਿਤਸਰ ਐੱਸ. ਐੱਸ. ਚੰਡੇਲ, ਐੱਚ. ਐੱਨ ਜੋਸ਼ੀ, ਰਾਜੀਵ ਸਿਹਨਾ ਕਮਾਂਡੈਂਟ ਵਿਸ਼ਾਲ ਸਿੰਘ, ਡਿਪਟੀ ਕਮਾਡੈਂਟ ਅਮਨਦੀਪ ਸਿੰਘ, ਏ. ਐੱਚ. ਖਾਨ, ਡੀ. ਸੀ. ਜੀ. ਰੁਪਿੰਦਰ ਸਿੰਘ, ਡੀ. ਸੀ. ਕੁਲਵਿੰਦਰ ਸਿੰਘ ਸਮੇਤ ਬੀ. ਐੱਸ. ਐੱਫ਼. ਦੇ ਉੱਚ ਅਧਿਕਾਰੀ ਤੇ ਖੇਡ ਪ੍ਰੇਮੀ ਖਿਡਾਰੀ ਹਾਜ਼ਰ ਸਨ
ਬੀ. ਐੱਸ. ਐੱਫ਼. ਦੇ ਮੁੱਖ ਦਫਤਰ ਖਾਸਾ ਦੀ ਗਰਾਊਂਡ ਵਿਖੇ ਪੰਜਾਬ ਪੱਧਰੀ ਫੁੱਟਬਾਲ ਟੂਰਨਾਮੈਂਟ ਦਾ ਆਗਾਜ਼
ਅਜੀਤ ਡੈਸਕ
16-07-2026