ਜੰਡਿਆਲਾ ਗੁਰੂ, 21 ਜੁਲਾਈ (ਅੰਮ੍ਰਿਤ ਪਾਲ ਸਿੰਘ)- ਜੰਡਿਆਲਾ ਗੁਰੂ ਦੇ ਵੈਰੋਵਾਲ ਰੋਡ ਸਥਿਤ ਗੁਰਦੁਆਰਾ ਖੂਹੀ ਸਾਹਿਬ ਨੇੜੇ ਵਸਦੀ ਕਾਲੋਨੀ ਦੇ ਵਸਨੀਕਾਂ ਨੇ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣਾ ਤਿੱਖਾ ਰੋਸ ਪ੍ਰਗਟਾਇਆ। ਰੋਸ ਪ੍ਰਦਰਸ਼ਨ ਦੌਰਾਨ ਕਾਲੋਨੀ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ ਕਰੀਬ ਚਾਰ ਸਾਲਾਂ ਤੋਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ ਵੱਖ-ਵੱਖ ਵਿਭਾਗਾਂ ਅਤੇ ਅਧਿਕਾਰੀਆਂ ਦੇ ਚੱਕਰ ਕੱਟ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਕੈਬਨਿਟ ਮੰਤਰੀ ਨੂੰ ਵੀ ਮੌਕੇ ‘ਤੇ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਸੀ। ਉਸ ਵੇਲੇ ਭਰੋਸਾ ਦਿੱਤਾ ਗਿਆ ਸੀ ਕਿ ਜਲਦੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਲਾਕਾ ਨਿਵਾਸੀਆਂ ਨੇ ਦੋਸ਼ ਲਾਇਆ ਕਿ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਬਰਸਾਤੀ ਪਾਣੀ ਅਤੇ ਨਾਲੀਆਂ ਦਾ ਗੰਦਾ ਪਾਣੀ ਗੁਰਦੁਆਰਾ ਖੂਹੀ ਸਾਹਿਬ ਦੇ ਅੰਦਰ ਤੱਕ ਦਾਖਲ ਹੋ ਜਾਂਦਾ ਹੈ। ਇਸ ਕਾਰਨ ਸੰਗਤ ਦੇ ਪੈਰਾਂ ਨਾਲ ਗੰਦਾ ਪਾਣੀ ਦਰਬਾਰ ਸਾਹਿਬ ਅੰਦਰ ਤੱਕ ਪਹੁੰਚਦਾ ਹੈ, ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 15-16 ਘਰਾਂ ਦੇ ਸਾਹਮਣੇ ਬਣੀ ਨਿਕਾਸੀ ਨੂੰ ਅੱਗੇ ਰਹਿੰਦੇ ਕੁਝ ਲੋਕਾਂ ਵਲੋਂ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਸੀਵਰੇਜ ਦਾ ਪਾਣੀ ਸੜਕਾਂ ‘ਤੇ ਖੜ੍ਹਾ ਰਹਿੰਦਾ ਹੈ। ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਸੰਬੰਧੀ ਮੰਤਰੀ, ਨਗਰ ਕੌਂਸਲ ਪ੍ਰਧਾਨ, ਸ਼ਹਿਰੀ ਪ੍ਰਧਾਨ ਡਿੰਪੀ ਅਤੇ ਸੰਬੰਧਿਤ ਐੱਸ.ਡੀ.ਓ. ਨੂੰ ਵੀ ਕਈ ਵਾਰ ਲਿਖਤੀ ਦਰਖ਼ਾਸਤਾਂ ਦਿੱਤੀਆਂ ਜਾ ਚੁੱਕੀਆਂ ਹਨ, ਪਰ ਅਜੇ ਤੱਕ ਕਿਸੇ ਪੱਧਰ ‘ਤੇ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਰੋਸ ਪ੍ਰਗਟਾਉਂਦੇ ਹੋਏ ਵਸਨੀਕਾਂ ਨੇ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕੀਤਾ ਜਾਵੇ।
ਖੂਹੀ ਸਾਹਿਬ ਗੁਰਦੁਆਰਾ ਨੇੜੇ ਸੀਵਰੇਜ ਦੀ ਨਿਕਾਸੀ ਨਾ ਹੋਣ ’ਤੇ ਕਾਲੋਨੀ ਵਾਸੀਆਂ ਦਾ ਰੋਸ ਪ੍ਰਦਰਸ਼ਨ
ਅਜੀਤ ਡੈਸਕ
22-07-2026