ਕਥੂਨੰਗਲ, 30 ਜੁਲਾਈ (ਦਲਵਿੰਦਰ ਸਿੰਘ ਰੰਧਾਵਾ)ਂਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਮਜੀਠਾ ਭਗਵੰਤ ਪਾਲ ਸਿੰਘ ਸੱਚਰ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਅਜਿਹੀ ਸਰਕਾਰ ਆਈ ਹੈ ਜਿਸ ਨੇ ਰਾਜ ਚਲਾਉਣ ਦੀ ਥਾਂ ਪ੍ਰਚਾਰ ਨੂੰ ਹੀ ਆਪਣਾ ਮੁੱਖ ਏਜੰਡਾ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਦੌਰਾਨ ਸਰਕਾਰ ਨੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਚੁਟਕਲਿਆਂ, ਕਿੱਕਲੀ, ਸੋਸ਼ਲ ਮੀਡੀਆ ਦੀਆਂ ਵੀਡੀਓਜ਼ ਅਤੇ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਰਾਹੀਂ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਹੈ। ਅੱਜ ਹਲਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਆਪਣੇ ਦਫਤਰ ਕੱਥੂਨੰਗਲ ਵਿਖੇ ਗੱਲਬਾਤ ਕਰਦਿਆਂ ਸੱਚਰ ਨੇ ਕਿਹਾ ਕਿ 2022 ਵਿਚ ਲੋਕਾਂ ਨੇ ਬਦਲਾਅ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਇਤਿਹਾਸਕ ਫਤਵਾ ਦਿੱਤਾ ਸੀ, ਪਰ ਅੱਜ ਉਹੀ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਹਰ ਵਰਗ ਕਿਸਾਨ, ਮੁਲਾਜ਼ਮ, ਨੌਜਵਾਨ, ਵਪਾਰੀ, ਉਦਯੋਗਪਤੀ, ਆੜ੍ਹਤੀ, ਪੈਨਸ਼ਨਰ ਅਤੇ ਆਮ ਪਰਿਵਾਰ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੈ। ਜਿਨ੍ਹਾਂ ਵਾਅਦਿਆਂ ਦੇ ਆਧਾਰ ‘ਤੇ ਵੋਟਾਂ ਮੰਗੀਆਂ ਗਈਆਂ ਸਨ, ਉਨ੍ਹਾਂ ਵਿਚੋਂ ਬਹੁਤੇ ਅਜੇ ਤੱਕ ਕਾਗਜ਼ਾਂ ਤੋਂ ਬਾਹਰ ਨਹੀਂ ਨਿਕਲੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਅਜੇ ਵੀ ਗੰਭੀਰ ਹੈ, ਕਾਨੂੰਨ-ਵਿਵਸਥਾ ‘ਤੇ ਸਵਾਲ ਖੜ੍ਹੇ ਹੋ ਰਹੇ ਹਨ, ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ, ਉਦਯੋਗ ਦੂਜੇ ਸੂਬਿਆਂ ਵੱਲ ਜਾ ਰਹੇ ਹਨ ਅਤੇ ਕਿਸਾਨ ਆਪਣੀਆਂ ਫ਼ਸਲਾਂ ਦੇ ਵਾਜਬ ਭਾਅ ਲਈ ਸੰਘਰਸ਼ ਕਰ ਰਹੇ ਹਨ। ਮੁਲਾਜ਼ਮ ਆਪਣੀਆਂ ਮੰਗਾਂ ਲਈ ਧਰਨੇ ਦੇਣ ਲਈ ਮਜਬੂਰ ਹਨ, ਪਰ ਸਰਕਾਰ ਨੂੰ ਇਨ੍ਹਾਂ ਮੁੱਦਿਆਂ ਦੀ ਥਾਂ ਆਪਣੀ ਇਮੇਜ ਬਣਾਉਣ ਦੀ ਜ਼ਿਆਦਾ ਚਿੰਤਾ ਹੈ। ਸੱਚਰ ਨੇ ਕਿਹਾ ਕਿ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਇਸ਼ਤਿਹਾਰਾਂ ਦੀ ਬਰਸਾਤ ਕਰਕੇ ਹਕੀਕਤ ਨੂੰ ਨਹੀਂ ਬਦਲਿਆ ਜਾ ਸਕਦਾ। ਪੰਜਾਬ ਦੇ ਲੋਕਾਂ ਨੂੰ ਹੁਣ ਪ੍ਰਚਾਰ ਨਹੀਂ, ਸਗੋਂ ਰੋਜ਼ਗਾਰ, ਨਿਵੇਸ਼, ਚੰਗੀ ਸਿੱਖਿਆ, ਸਿਹਤ ਸੇਵਾਵਾਂ, ਨਸ਼ਾ-ਮੁਕਤ ਸਮਾਜ ਅਤੇ ਵਿਕਾਸ ਚਾਹੀਦਾ ਹੈ। ਸਰਕਾਰ ਨੂੰ ਇਹ ਸਮਝਣਾ ਹੋਵੇਗਾ ਕਿ ਕੈਮਰਿਆਂ ਸਾਹਮਣੇ ਕੀਤੇ ਜਾਣ ਵਾਲੇ ਪ੍ਰੋਗਰਾਮ ਲੋਕਾਂ ਦੀ ਜ਼ਿੰਦਗੀ ਨਹੀਂ ਬਦਲਦੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਹਰ ਰੋਜ਼ ਨਵੇਂ ਸਿਆਸੀ ਡਰਾਮੇ ਕਰਨ ਦੀ ਬਜਾਏ ਇਹ ਦੱਸਣਾ ਚਾਹੀਦਾ ਹੈ ਕਿ ਸਾਢੇ ਚਾਰ ਸਾਲਾਂ ਵਿਚ ਪੰਜਾਬ ਲਈ ਕਿਹੜੇ ਵੱਡੇ ਉਦਯੋਗ ਲਿਆਂਦੇ ਗਏ, ਕਿੰਨੇ ਨੌਜਵਾਨਾਂ ਨੂੰ ਸਥਾਈ ਰੋਜ਼ਗਾਰ ਮਿਲਿਆ, ਕਿਸਾਨਾਂ ਦੀ ਆਮਦਨ ਵਿਚ ਕਿੰਨਾ ਵਾਧਾ ਹੋਇਆ ਅਤੇ ਸੂਬੇ ਦੀ ਆਰਥਿਕ ਹਾਲਤ ਕਿਵੇਂ ਮਜ਼ਬੂਤ ਹੋਈ। ਸੱਚਰ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਸਰਕਾਰ ਦੀ ਅਸਲੀ ਕਾਰਗੁਜ਼ਾਰੀ ਨੂੰ ਸਮਝ ਚੁੱਕੀ ਹੈ। ਇਸ਼ਤਿਹਾਰਾਂ ਨਾਲ ਕੁਝ ਸਮੇਂ ਲਈ ਭਰਮ ਪੈਦਾ ਕੀਤਾ ਜਾ ਸਕਦਾ ਹੈ, ਪਰ ਲੋਕਾਂ ਦੇ ਰੋਜ਼ਾਨਾ ਦੇ ਤਜ਼ਰਬੇ ਹੀ ਸਰਕਾਰ ਦਾ ਅਸਲੀ ਰਿਪੋਰਟ ਕਾਰਡ ਹੁੰਦੇ ਹਨ। ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਇਸ ਗੁੰਮਰਾਹਕੁੰਨ ਪ੍ਰਚਾਰ, ਝੂਠੇ ਦਾਅਵਿਆਂ ਅਤੇ ਨਾਕਾਮੀਆਂ ਦਾ ਲੋਕਤੰਤਰੀ ਢੰਗ ਨਾਲ ਜਵਾਬ ਦੇਣਗੇ ਅਤੇ ਪੰਜਾਬ ਨੂੰ ਇੱਕ ਜਵਾਬਦੇਹ, ਵਿਕਾਸਮੁਖੀ ਅਤੇ ਲੋਕ-ਪੱਖੀ ਸਰਕਾਰ ਦੇਣ ਦਾ ਫ਼ੈਸਲਾ ਕਰਨਗੇ। ਇਸ ਮੌਕੇ ਬਲਾਕ ਪ੍ਰਧਾਨ ਨਵਤੇਜਪਾਲ ਸਿੰਘ ਸੋਹੀਆ, ਮਜੀਠਾ ਸ਼ਹਿਰੀ ਪ੍ਰਧਾਨ ਨਵਦੀਪ ਸਿੰਘ ਸੋਨਾ, ਚੇਅਰਮੈਨ ਪ੍ਰਗਟ ਸਿੰਘ ਚੰਨਣਕੇ, ਚੇਅਰਮੈਨ ਸੁਖਵਿੰਦਰ ਸਿੰਘ ਆਕੜ ਮਜੀਠਾ, ਝਿਲਮਿਲ ਸਿੰਘ ਬਾਠ, ਤਜਿੰਦਰ ਸਿੰਘ ਤਰਫਾਨ, ਮਹਿਤਾਬ ਸਿੰਘ ਵਡਾਲਾ ਵੀਰਮ, ਸੁਲੱਖਣ ਸਿੰਘ ਕੱਥੂਨੰਗਲ, ਪਰਮਜੀਤ ਸਿੰਘ ਭੇਏਵਾਲ, ਅਸ਼ੋਕ ਕੁਮਾਰ ਮੱਤੇਵਾਲ, ਜਤਿੰਦਰ ਸਿੰਘ ਅਠਵਾਲ, ਬਲਜੀਤ ਸਿੰਘ ਸੋਹੀਆ, ਸੁਰਜੀਤ ਸਿੰਘ ਕੋਟਲਾ ਤੇ ਹੋਰ ਵੀ ਆਗੂ ਹਾਜ਼ਰ ਸਨ ।