01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਦਿਲਬਾਗ ਸਿੰਘ ਨੇ ਆਰ. ਟੀ. ਆਈ. ਤਹਿਤ ਅਧੂਰੀ ਜਾਣਕਾਰੀ ਦੇਣ ਅਤੇ ਧਮਕੀਆਂ ਦੇਣ ਦੇ ਲਾਏ ਇਕ ਮਹਿਲਾ ਮੁਲਾਜ਼ਮ ’ਤੇ ਦੋਸ਼

Ad Position 21
No active advertisement
ਅਜੀਤ ਡੈਸਕ 01-08-2026
ਜੰਡਿਆਲਾ ਗੁਰੂ, 31 ਜੁਲਾਈ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਦੇ ਪਿੰਡ ਗਦਲੀ ਦੇ ਵਸਨੀਕ ਦਿਲਬਾਗ ਸਿੰਘ ਪੁੱਤਰ ਨਿਰੰਜਨ ਸਿੰਘ ਨੇ ਇਕ ਤਸਦੀਕਸ਼ੁਦਾ ਹਲਫ਼ੀਆ ਬਿਆਨ ਰਾਹੀਂ ਬੀਡੀਪੀਓ ਦਫਤਰ ਜੰਡਿਆਲਾ ਗੁਰੂ ਤੇ ਆਰ. ਟੀ. ਆਈ. ਰਾਹੀਂ ਪਿੰਡ ਗਦਲੀ ਦੇ ਮੰਗੇ ਮਤਿਆਂ ਦੀਆਂ ਕਾਪੀਆਂ ਨਾ ਦੇਣ, ਛੱਪੜ ਦੀ ਬੋਲੀ ਨਾ ਕਰਾਉਣ ਅਤੇ ਹੋਰ ਮੰਗੀਆਂ ਜਾਣਕਾਰੀਆਂ ਅਧੂਰੀਆਂ ਦੇਣ ਦਾ ਅਤੇ ਬੀ. ਡੀ. ਪੀ. ਓ. ਦਫਤਰ ਦੀ ਇਕ ਮੁਲਾਜ਼ਮ ਔਰਤ ਵਲੋਂ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ। ਦਿਲਬਾਗ ਸਿੰਘ ਵਾਸੀ ਗਦਲੀ ਨੇ ਤਸਦੀਕਸ਼ੁਦਾ ਹਲਫੀਆ ਬਿਆਨ ਰਾਹੀਂ ਦੱਸਿਆ ਕਿ ਉਸਨੇ ਆਰ ਟੀ. ਆਈ. ਰਾਹੀਂ ਬੀ. ਡੀ. ਪੀ. ਓ. ਦਫਤਰ ਜੰਡਿਆਲਾ ਗੁਰੂ ਕੋਲੋਂ 1 ਜਨਵਰੀ 2025 ਤੋਂ 30 ਅਪ੍ਰੈਲ 2026 ਤੱਕ ਦੇ ਮਤਿਆਂ ਦੀਆਂ ਕਾਪੀਆਂ, ਛੱਪੜ ਦੀ ਬੋਲੀ ਨਾਂ ਕਰਾਉਣ ਦਾ ਕਾਰਨ, ਪਿੰਡ ਦੀਆਂ ਕਿੰਨੇ ਨੰਬਰ ਗਲੀਆਂ ਵਿਚੋਂ ਇੱਟਾਂ ਪੁੱਟੀਆਂ ਗਈਆਂ, ਸੁੱਕੇ ਛੱਪੜ ਵਿਚ ਬੰਨ ਮਾਰਨ ਦਾ ਕਾਰਨ, ਮੱਛੀਆਂ ਫੜਨ ਅਤੇ ਵੇਚਣ ਤੋਂ ਹੋਈ ਆਮਦਨ ਦਾ ਵੇਰਵਾ, ਪਹਿਲਾਂ ਛੱਪੜ ਠੇਕੇ ‘ਤੇ ਦਿੱਤਾ ਜਾਂਦਾ ਸੀ ਜਿਸ ਤੋਂ 1 ਲੱਖ 50 ਹਜ਼ਾਰ ਸਾਲਾਨਾ ਆਮਦਨ ਹੁੰਦੀ ਸੀ, ਨੂੰ ਠੇਕੇ ‘ਤੇ ਨਾ ਦੇਣ ਦੇ ਕਾਰਨਾਂ ਆਦਿ ਵੀ ਜਾਣਕਾਰੀ ਆਰ. ਟੀ. ਆਈ. ਰਾਹੀਂ ਮੰਗੀ ਸੀ ਪਰ ਉਸਨੂੰ ਬੀ. ਡੀ. ਪੀ. ਓ. ਦਫਤਰ ਜੰਡਿਆਲਾ ਗੁਰੂ ਦੀ ਇਕ ਗ੍ਰਾਮ ਪੰਚਾਇਤ ਦੀ ਸੈਕਟਰੀ ਔਰਤ ਵਲੋਂ ਅਧੂਰੀ ਜਾਣਕਾਰੀ ਦਿੱਤੀ ਗਈ। ਸ਼ਿਕਾਇਤਕਰਤਾ ਦਿਲਬਾਗ ਸਿੰਘ ਨੇ ਹਲਫੀਆ ਬਿਆਨ ਰਾਹੀਂ ਦੋਸ਼ ਲਗਾਇਆ ਕਿ ਜਦੋਂ ਉਸਨੇ ਉਪਰੋਤਕ ਜਾਣਕਾਰੀ ਦੇਣ ਵਾਲੀ ਸੈਕਟਰੀ ਔਰਤ ਨੂੰ ਪੂਰੀ ਜਾਣਕਾਰੀ ਨਾ ਦੇਣ ਦੀ ਗੱਲ ਆਖੀ ਤਾਂ ਉਸ ਦਾ ਕਹਿਣਾ ਸੀ ਕਿ ਉਸ ਉੱਪਰ ਇਕ ਮੰਤਰੀ ਦਾ ਦਬਾਅ ਹੈ ਜਿਸ ਕਾਰਨ ਉਹ ਇਸ ਤੋਂ ਵੱਧ ਜਾਣਕਾਰੀ ਨਹੀਂ ਦੇ ਸਕੀ ਤੇ ਨਾਲ ਹੀ ਕਿਹਾ ਕਿ ਕੁਝ ਦਿਨਾਂ ਤਕ ਪੂਰੀ ਜਾਣਕਾਰੀ ਦੇ ਦਿੱਤੀ ਜਾਵੇਗੀ । ਦਿਲਬਾਗ ਸਿੰਘ ਨੇ ਦੋਸ਼ ਲਗਾਇਆ ਕਿ ਉਸਨੇ ਬੀ. ਡੀ. ਪੀ. ਓ. ਦਫਤਰ ਜੰਡਿਆਲਾ ਗੁਰੂ ਜਾ ਕੇ ਉਕਤ ਅਧੂਰੀ ਜਾਣਕਾਰੀ ਦੇਣ ਵਾਲੀ ਸੈਕਟਰੀ ਔਰਤ ਨੂੰ ਮਿਲ ਕੇ ਬਾਕੀ ਜਾਣਕਾਰੀ ਦੇਣ ਦੀ ਗੱਲ ਆਖੀ ਤਾਂ ਅੱਗੋਂ ਉਸ ਸੈਕਟਰੀ ਔਰਤ ਦਾ ਜਵਾਬ ਸੀ ਕਿ ਉਸਦੇ ਨਜ਼ਦੀਕੀ ਰਿਸ਼ਤੇਦਾਰ ਵੱਡੇ ਅਫਸਰ ਹਨ ਅਤੇ ਉਹ ਕਿਸੇ ਕੋਲੋਂ ਨਹੀਂ ਡਰਦੀ। ਸ਼ਿਕਾਇਤ ਕਰਤਾ ਦਿਲਬਾਗ ਸਿੰਘ ਨੇ ਕਿਹਾ ਕਿ ਜੇਕਰ ਉਸ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਜਿੰਮੇਵਾਰ ਹਲਕੇ ਨਾਲ ਸੰਬੰਧਿਤ ਇਕ ਮੰਤਰੀ, ਪਿੰਡ ਦੀ ਪੰਚਾਇਤ, ਬੀ. ਡੀ. ਪੀ. ਓ. ਦਫਤਰ ਜੰਡਿਆਲਾ ਗੁਰੂ ਅਤੇ ਸੈਕਟਰੀ ਔਰਤ ਹੋਣਗੇ। ਬਲਾਕ ਦਫਤਰ ਜੰਡਿਆਲਾ ਗੁਰੂ ਦੇ ਬੀ. ਡੀ. ਪੀ. ਓ. ਰਾਜ ਕੁਮਾਰ ਨਾਲ ਜਦੋਂ ਇਸ ਸੰਬੰਧੀ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਨੇ ਕਿਹਾ ਕਿ ਲੋੜਵੰਦ ਨੂੰ ਮੰਗੀ ਆਰ. ਟੀ. ਆਈ. ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਦਫਤਰ ਦੀ ਮੁਲਾਜ਼ਮ ‘ਤੇ ਜੋ ਦੋਸ਼ ਲਗਾਏ ਗਏ ਹਨ ਉਸ ਸੰਬੰਧੀ ਮੁਲਾਜ਼ਮ ਦੇ ਵੀ ਬਿਆਨ ਲਏ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਰੂਬੀ ਦੇ ਪਿਤਾ ਮਾਸਟਰ ਕੁਲਦੀਪ ਸਿੰਘ ਥਿੰਦ ਦੇ ਚਲਾਣੇ ’ਤੇ ਦੁੱਖ ਪ੍ਰਗਟ ਅਗਲੀ ਖ਼ਬਰ ਸਠਿਆਲਾ ਕਾਲਜ ਦੇ ਪ੍ਰਭਜੋਤ ਸਿੰਘ ਨੇ ਹਾਸਿਲ ਕੀਤੀ ਸਕਾਲਰਸ਼ਿਪ
Ad Position 24
No active advertisement