ਗਤਕਾ ਮੁਕਾਬਲਿਆਂ ’ਚ ਇੰਟਰਨੈਸ਼ਨਲ ਫਤਹਿ ਅਕੈਡਮੀ ਦੀਆਂ ਖਿਡਾਰਨਾਂ ਦਾ ਦਮਦਾਰ ਪ੍ਰਦਰਸ਼ਨ
ਜੰਡਿਆਲਾ ਗੁਰੂ, 26 ਅਗਸਤ (ਅੰਮ੍ਰਿਤ ਪਾਲ ਸਿੰਘ, ਪ੍ਰਮਿੰਦਰ ਸਿੰਘ ਜੋਸਨ )-ਪੀ. ਐੱਸ.
ਜੰਡਿਆਲਾ ਗੁਰੂ, 26 ਅਗਸਤ (ਅੰਮ੍ਰਿਤ ਪਾਲ ਸਿੰਘ, ਪ੍ਰਮਿੰਦਰ ਸਿੰਘ ਜੋਸਨ )-ਪੀ.ਐੱਸ.ਈ.ਬੀ. ਵਲੋਂ ਕਰਵਾਏ ਗਏ ਗਤਕਾ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਇੰਟਰਨੈਸ਼ਨਲ ਫਤਹਿ ਅਕੈਡਮੀ ਦੀਆਂ ਖਿਡਾਰਨਾਂ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਕਈ ਤਗਮੇ ਆਪਣੇ ਨਾਮ ਕੀਤੇ। ਇਨ੍ਹਾਂ ਮੁਕਾਬਲਿਆਂ ਵਿਚ ਅਕੈਡਮੀ ਦੀਆਂ ਖਿਡਾਰਨਾਂ ਨੇ ਪੂਰੇ ਆਤਮ-ਵਿਸ਼ਵਾਸ ਅਤੇ ਅਨੁਸ਼ਾਸਨ ਨਾਲ ਖੇਡਦਿਆਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ । ਸੁਖਰਾਬੀਆ ਕੌਰ, ਸੁਪ੍ਰੀਤ ਕੌਰ, ਸ਼ਹਨੂਰ ਕੌਰ ਅਤੇ ਗੁਰਮੰਨਤ ਕੌਰ ਨੇ ਆਪੋ-ਆਪਣੀਆਂ ਸ਼੍ਰੇਣੀਆਂ ਵਿਚ ਸੋਨ ਤਗਮੇ ਹਾਸਿਲ ਕੀਤੇ। ਇਸ ਤੋਂ ਇਲਾਵਾ ਗੁਰਮੰਨਤ ਕੌਰ, ਸਿਮਰਨਪ੍ਰੀਤ ਕੌਰ, ਜਸਪ੍ਰੀਤ ਕੌਰ ਅਤੇ ਤਨਵੀਰ ਕੌਰ ਨੇ ਕਾਂਸੀ ਦੇ ਤਗਮੇ ਜਿੱਤ ਕੇ ਅਕੈਡਮੀ ਦੀ ਤਗਮਾ ਸੂਚੀ ’ਚ ਵਾਧਾ ਕੀਤਾ । ਖਿਡਾਰਨਾਂ ਨੇ ਆਪਣੀ ਫੁਰਤੀ, ਸੰਤੁਲਨ ਅਤੇ ਸਟੀਕਤਾ ਨਾਲ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ । ਅਕੈਡਮੀ ਦੇ ਚੇਅਰਮੈਨ ਜਗਬੀਰ ਸਿੰਘ ਅਤੇ ਵਾਈਸ ਚੇਅਰਪਰਸਨ ਰਵਿੰਦਰ ਕੌਰ ਨੇ ਇਸ ਪ੍ਰਾਪਤੀ ਲਈ ਖਿਡਾਰਨਾਂ, ਕੋਚਾਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ । ਚੇਅਰਮੈਨ ਜਗਬੀਰ ਸਿੰਘ ਨੇ ਕਿਹਾ ਕਿ ਜਦੋਂ ਵਿਰਸੇ ਦੀ ਪਹਿਚਾਣ ਹੌਸਲੇ ਦੀ ਤਾਕਤ ਬਣ ਜਾਂਦੀ ਹੈ ਤਾਂ ਜਿੱਤ ਦਾ ਪਰਚਮ ਆਪਣੇ ਆਪ ਲਹਿਰਾਉਂਦਾ ਹੈ।