ਪਿੰਡ ਵਾਂਦਰ ਜਟਾਣਾ ’ਚ ਮੀਂਹ ਤੇ ਹਨੇਰੀ ਕਾਰਨ 2200 ਕਿੱਲਾ ਝੋਨੇ ਦੀ ਫ਼ਸਲ ਤਬਾਹ, 20 ਪਸ਼ੂਆਂ ਦੀ ਹੋਈ ਮੌਤ
ਕੋਟਕਪੂਰਾ, 20 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਬੀਤੇ ਦਿਨੀਂ ਤੇਜ਼ ਮੀਂਹ, ਹਨੇ੍ਹਰੀ ਤੇ ਗੜ੍ਹੇਮਾਰੀ ਦੌਰਾਨ ਪਿੰਡ ਵਾਂਦਰ ਜਟਾਣਾ ਦੇ ਕਿਸਾਨਾਂ ਦੇ ਝੋਨੇ ਅਤੇ ਬਾਸਮਤੀ ਦੀ ਫ਼ਸਲ ਦੇ ਹੋਏ ਭਾਰੀ ਨੁਕਸਾਨ ਕਾਰਨ ਕਿਸਾਨ ਬਹੁਤ ਚਿੰਤਾ ਵਿਚ ਹਨ। ਪਿੰਡ ਦੇ ਸਰਪੰਚ ਕੌਰ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਵੱਖ ਵੱਖ ਕਿਸਾਨਾਂ ਦੀ 3200 ਕਿਲ੍ਹਾ ਫ਼ਸਲ ਬੀਜੀ ਗਈ ਸੀ।
ਕੋਟਕਪੂਰਾ, 20 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਬੀਤੇ ਦਿਨੀਂ ਤੇਜ਼ ਮੀਂਹ, ਹਨੇ੍ਹਰੀ ਤੇ ਗੜ੍ਹੇਮਾਰੀ ਦੌਰਾਨ ਪਿੰਡ ਵਾਂਦਰ ਜਟਾਣਾ ਦੇ ਕਿਸਾਨਾਂ ਦੇ ਝੋਨੇ ਅਤੇ ਬਾਸਮਤੀ ਦੀ ਫ਼ਸਲ ਦੇ ਹੋਏ ਭਾਰੀ ਨੁਕਸਾਨ ਕਾਰਨ ਕਿਸਾਨ ਬਹੁਤ ਚਿੰਤਾ ਵਿਚ ਹਨ। ਪਿੰਡ ਦੇ ਸਰਪੰਚ ਕੌਰ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਵੱਖ ਵੱਖ ਕਿਸਾਨਾਂ ਦੀ 3200 ਕਿਲ੍ਹਾ ਫ਼ਸਲ ਬੀਜੀ ਗਈ ਸੀ। ਮੀਂਹ ਤੇ ਗੜ੍ਹੇਮਾਰੀ ਕਾਰਨ 2200 ਦੇ ਕਰੀਬ ਕਿਸਾਨਾਂ ਦੀ ਝੋਨੇ ਅਤੇ ਬਾਸਮਤੀ ਦੀ ਫ਼ਸਲ ਬਿਲਕੁੱਲ ਤਬਾਹ ਹੋ ਗਈ ਹੈ। ਪਿੰਡ ਵਾਸੀ ਗੁਰਜੀਤ ਸਿੰਘ ਦੇ 17 ਕਿੱਲੇ ਝੋਨਾ, ਹਰਭਜਨ ਸਿੰਘ ਦੇ 32 ਕਿੱਲੇ, ਗੁਰਦੇਵ ਸਿੰਘ ਢਿੱਲੋਂ 10 ਕਿੱਲੇ, ਜਗਸੀਰ ਸਿੰਘ ਪੰਚਾਇਤ ਮੈਂਬਰ, ਯਾਦਵਿੰਦਰ ਸਿੰਘ, ਤੇਜਵਿੰਦਰ ਸਿੰਘ ਦੇ 60 ਕਿੱਲੇ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ 40 ਕਿੱਲੇ, ਸ਼ੰਮੀ ਸਿੰਘ ਪੰਚਾਇਤ ਮੈਂਬਰ 53 ਕਿੱਲੇ, ਕੁਲਵਿੰਦਰ ਸਿੰਘ ਜਟਾਣਾ 30 ਕਿੱਲੇ, ਯਾਦਵਿੰਦਰ ਸਿੰਘ ਨੰਬਰਦਾਰ 20 ਕਿੱਲੇ, ਅਰਵਿੰਦਰ ਸਿੰਘ ਚਹਿਲ ਤੋਂ ਇਲਾਵਾ ਵੱਖ ਵੱਖ ਕਿਸਾਨਾ ਦੇ 2200 ਕਿੱਲੇ ’ਚ ਬੀਜੀ ਬਾਸਮਤੀ ਅਤੇ ਝੋਨੇ ਦੀ ਫ਼ਸਲ ਤਬਾਹ ਹੋਣ ਨਾਲ ਆਰਥਿਕ ਨੁਕਸਾਨ ਹੋ ਗਿਆ ਹੈ। ਕਿਸਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪਏ ਤੇਜ਼ ਮੀਂਹ, ਹਨੇ੍ਰੀ ਤੇ ਗੜ੍ਹਿਆਂ ਨਾਲ ਫ਼ਸਲਾਂ ਤੋਂ ਇਲਾਵਾ ਕਿਸਾਨਾਂ ਦੇ ਸ਼ੋਲਰ, ਮੋਟਰਾਂ, ਬਿਜਲੀ ਦੇ ਖੰਭੇ ਡਿੱਗ ਕੇ ਟੁੱਟੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਘਰਾਂ ਦੀਆਂ ਛੱਤਾਂ ਅਤੇ ਕੰਧਾਂ ਡਿੱਗਣ ਕਾਰਨ 20 ਮੱਝਾਂ ਤੇ ਗਾਵਾਂ ਤੋਂ ਇਲਾਵਾ ਦੋ ਘੋੜੀਆਂ ਦੀ ਮੌਤ ਹੋ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਧਿਕਾਰੀਆਂ ਤੋਂ ਗਿਰਦਾਵਰੀ ਕਰਵਾਕੇ ਤਬਾਹ ਫ਼ਸਲਾਂ ਦਾ ਮੁਆਵਜਾ ਦਿਵਾਉਣ ਦਾ ਭਰੋਸਾ ਦਿੱਤਾ ਹੈ। ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਪਿੰਡ ਵਾੜਾ ਦਰਾਕਾ, ਖਾਰਾ, ਵਾਂਦਰ ਜਟਾਣਾ ਵਿਖੇ ਫ਼ਸਲਾਂ ਦਾ ਜਾਇਜ਼ਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਨੁਕਸਾਨ ਦਾ ਕਿਸਾਨਾਂ ਨੂੰ ਮੁਆਵਜਾ ਮਿਲਣਾ ਚਾਹੀਦਾ ਹੈ। ਕਾਂਗਰਸ ਦੇ ਹਲਕਾ ਇੰਚਾਰਜ ਅਜੈਪਾਲ ਸਿੰਘ ਸੰਧੂ ਨੇ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਤੋਂ ਇਲਾਵਾ ਘਰਾਂ ਵਿਚ ਰੱਖੇ ਪਸ਼ੂਆਂ ਦੀ ਮੌਤ ਵੀ ਹੋਈ ਹੈ, ਸਰਕਾਰ ਉਨ੍ਹਾਂ ਦਾ ਵੀ ਮੁਆਵਜ਼ਾ ਦੇਵੇ। ਇਸ ਸਬੰਧੀ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਨੇ ਕਿਹਾ ਕਿ ਪਿੰਡ ਵਾਂਦਰ ਜਟਾਣਾ ਤੋਂ ਗਿਰਦਾਵਰੀ ਸ਼ੁਰੂ ਕਰ ਦਿੱਤੀ ਗਈ ਹੈ ਬਹੁਤ ਜਲਦੀ ਸਾਰੇ ਪਿੰਡਾਂ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ।