ਬਾਰਿਸ਼ ਤੇ ਗੜੇਮਾਰੀ ਨਾਲ ਮੰਡੀਆਂ ’ਚ ਪਏ ਤੇ ਖੇਤਾਂ ’ਚ ਖੜ੍ਹੇ ਝੋਨੇ ਤੇ ਬਾਸਮਤੀ ਦਾ ਹੋਇਆ ਨੁਕਸਾਨ
ਸਾਦਿਕ, 25 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਮਾਰਕੀਟ ਕਮੇਟੀ ਸਾਦਿਕ ਅਧੀਨ ਪੈਂਦੀਆਂ ਲਗਪਗ ਸਾਰੀਆਂ ਹੀ ਮੰਡੀਆਂ ਵਿਚ ਝੋਨੇ ਦੀ ਖਰੀਦ ਨੂੰ ਲੈ ਕੇ ਸ਼ੈਲਰ ਮਾਲਕਾਂ, ਆੜ੍ਹਤੀਆਂ ਅਤੇ ਕਿਸਾਨਾਂ ਵਿਚ ਆਪਸੀ ਤਾਲਮੇਲ ਨਹੀਂ ਬਣ ਰਿਹਾ। ਜਿਸ ਕਾਰਨ ਕਿਸਾਨ ਕਈ ਕਈ ਦਿਨਾਂ ਤੋਂ ਮੰਡੀਆਂ ਵਿਚ ਝੋਨਾਂ ਲੈ ਕੇ ਬੈਠੇ ਹੋਏ ਹਨ।
ਭ
ਭਾਰੀ ਗੜੇਮਾਰੀ ਨਾਲ ਪੱਕੀ ਬਾਸਮਤੀ ਦੀ ਫ਼ਸਲ ਦੇ ਜ਼ਮੀਨ ’ਤੇ ਝੜੇ ਹੋਏ ਦਾਣੇ। ਤਸਵੀਰ: ਗੁਰਭੇਜ ਸਿੰਘ ਚੌਹਾਨ
26-10-2026
ਸਾਦਿਕ, 25 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਮਾਰਕੀਟ ਕਮੇਟੀ ਸਾਦਿਕ ਅਧੀਨ ਪੈਂਦੀਆਂ ਲਗਪਗ ਸਾਰੀਆਂ ਹੀ ਮੰਡੀਆਂ ਵਿਚ ਝੋਨੇ ਦੀ ਖਰੀਦ ਨੂੰ ਲੈ ਕੇ ਸ਼ੈਲਰ ਮਾਲਕਾਂ, ਆੜ੍ਹਤੀਆਂ ਅਤੇ ਕਿਸਾਨਾਂ ਵਿਚ ਆਪਸੀ ਤਾਲਮੇਲ ਨਹੀਂ ਬਣ ਰਿਹਾ। ਜਿਸ ਕਾਰਨ ਕਿਸਾਨ ਕਈ ਕਈ ਦਿਨਾਂ ਤੋਂ ਮੰਡੀਆਂ ਵਿਚ ਝੋਨਾਂ ਲੈ ਕੇ ਬੈਠੇ ਹੋਏ ਹਨ। ਕਿਸਾਨਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਝੋਨੇ ਸੁੱਕੇ ਹੋਣ ਦੇ ਬਾਵਜੂਦ ਵੀ ਨਹੀਂ ਖਰੀਦੇ ਗਏ। ਕੁਦਰਤ ਨੇ ਲੰਮਾਂ ਸਮਾਂ ਫ਼ਸਲ ਦੀ ਸੰਭਾਲ ਲਈ ਦਿੱਤਾ। ਪਹਿਲਾਂ ਬੋਲੀ ਸ਼ੁਰੂ ਕਰਕੇ ਕਈ ਦਿਨ ਖਰੀਦ ਰੁਕੀ ਰਹੀ ਫਿਰ ਥੋੜ੍ਹੀ ਜਿਹੀ ਬਾਰਿਸ਼ ਹੋ ਗਈ ਫਿਰ ਕੁਝ ਦਿਨ ਕੰਮ ਰੁਕ ਗਿਆ ਅਤੇ ਏਜੰਸੀਆਂ ਅਤੇ ਸ਼ੈਲਰ ਮਾਲਕਾਂ ਨੇ ਨਮੀ ਦਾ ਬਹਾਨਾ ਲਗਾ ਕੇ ਖਰੀਦ ਨੂੰ ਲਮਕਾਇਆ ਅਤੇ ਕਿਸਾਨਾਂ ਤੋਂ ਝੋਨੇ ’ਤੇ ਵੱਟਾ ਲਾਉਣ ਦੀ ਮੰਗ ਰੱਖੀ ਪਰ ਕਿਸਾਨ ਜਥੇਬੰਦੀਆਂ ਦੇ ਅੜੇ ਰਹਿਣ ਕਾਰਨ ਖਰੀਦ ਧੀਮੀ ਰਫਤਾਰ ਨਾਲ ਹੀ ਹੁੰਦੀ ਰਹੀ ਹੈ। ਮਾਰਕੀਟ ਕਮੇਟੀ ਅਤੇ ਸ਼ੈਲਰ ਮਾਲਕਾਂ ਦੇ ਨਮੀ ਚੈੱਕ ਕਰਨ ਵਾਲੇ ਮੀਟਰਾਂ ਦੀ ਆਪਸ ਵਿਚ ਰੀਡਿੰਗ ਨਹੀਂ ਮਿਲਦੀ। ਸ਼ੈਲਰਾਂ ਵਾਲੇ ਨਮੀ ਵੱਧ ਅਤੇ ਮਾਰਕੀਟ ਕਮੇਟੀ ਵਾਲੇ ਸਹੀ ਦੱਸ ਰਹੇ ਹਨ। ਜਦੋਂ ਕਿ ਮਾਰਕੀਟ ਕਮੇਟੀ ਦਾ ਮੀਟਰ ਹੀ ਸਹੀ ਮੰਨਿਆ ਜਾਂਦਾ ਹੈ ਅਤੇ ਕਿਸਾਨਾਂ ਨੂੰ ਪਹਿਲਾਂ ਤਾਂ ਇਕੱਲੇ ਹਾਈਬ੍ਰਿਡ ਝੋਨੇ ’ਤੇ ਵੱਟਾਂ ਲਾਉਣ ਦੀ ਸ਼ਰਤ ਰੱਖੀ ਜਾ ਰਹੀ ਸੀ ਪਰ ਹੁਣ ਦੂਸਰੇ ਪਰਮਲ ਕਿਸਮ ਦੇ ਝੋਨਿਆਂ ’ਤੇ ਵੀ ਵੱਧ ਨਮੀ ਦੱਸ ਕੇ ਸ਼ੈਲਰਾਂ ਵਾਲੇ ਆੜ੍ਹਤੀਏ ਦਾ ਭਰਿਆ ਅਤੇ ਏਜੰਸੀਆਂ ਦਾ ਖਰੀਦਿਆ ਮਾਲ ਨਹੀਂ ਉਤਰਾ ਰਹੇ। ਜਿਸ ਕਾਰਨ ਕਈ ਕਈ ਦਿਨ ਟਰੱਕ ਸ਼ੈਲਰਾਂ ’ਚ ਜਾ ਕੇ ਖੜ੍ਹੇ ਰਹਿੰਦੇ ਹਨ ਅਤੇ ਆੜ੍ਹਤੀਆਂ ਅਤੇ ਕਿਸਾਨਾਂ ਵਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਟਰੱਕ ਖਾਲੀ ਕਰਵਾਉਣ ਲਈ 100-150 ਵੱਟਾ ਲਾਉਣ ਦੀ ਸ਼ਰਤ ਰੱਖੀ ਜਾ ਰਹੀ ਹੈ। ਮੰਡੀਆਂ ਵਿਚ ਲੀਡਰ ਅਫ਼ਸਰ ਚੱਕਰ ਮਾਰ ਰਹੇ ਹਨ ਅਤੇ ਮਸਲਾ ਹੱਲ ਕਰਨ ਦੇ ਕਿਸਾਨਾਂ ਨੂੰ ਦਿਲਾਸੇ ਦਿੱਤੇ ਜਾ ਰਹੇ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਹੈ। ਸ਼ੈਲਰਾਂ ਵਾਲੇ ਕੋਈ ਨਾ ਕੋਈ ਬਹਾਨਾਂ ਬਣਾ ਕੇ ਵੱਟਾ ਲਾਉਣ ਦੀ ਰ ੱਟ ਲਾਈ ਜਾ ਰਹੇ ਹਨ। ਹੁਣ ਤਾਂ ਪੱਕਾ ਹੀ ਬਹਾਨਾਂ ਬਣ ਗਿਆ ਹੈ ਅਤੇ ਕੱਲ੍ਹ ਸ਼ਾਮ ਹੋਈ ਭਾਰੀ ਬਾਰਸ਼ ਨਾਲ ਮੰਡੀਆਂ ’ਚ ਪਈਆਂ ਢੇਰੀਆਂ ਭਿੱਜ ਗਈਆਂ ਹਨ ਅਤੇ ਕੁਝ ਪਿੰਡਾਂ ਵਿਚ ਹਲਕੀ ਅਤੇ ਪਿੰਡ ਸੰਗਰਾਹੂਰ , ਡੋਡ ਤੋਂ ਲੈ ਕੇ ਅੱਗੇ ਗੋਲੇਵਾਲਾ ਤੱਕ ਭਾਰੀ ਗੜੇਮਾਰੀ ਹੋਈ ਹੈ। ਜਿਸ ਨਾਲ ਬਾਸਮਤੀ ਦੀ ਫ਼ਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਜੇਕਰ ਖਰੀਦ ਤੇਜੀ ਨਾਲ ਹੁੰਦੀ ਤਾਂ ਕਿਸਾਨਾਂ ਦਾ ਦੂਹਰਾ ਨੁਕਸਾਨ ਨਾ ਹੁੰਦਾ ਪਰ ਕਿਸਾਨ ਨਾਲ ਕਿਸੇ ਦੀ ਹਮਦਰਦੀ ਨਹੀਂ। ਕਿਸਾਨ ਨੂੰ ਫ਼ਸਲ ਨੂੰ ਬੀਜਣ ਤੋਂ ਲੈ ਕੇ ਵੇਚਣ ਤੱਕ ਲੁੱਟਿਆ ਹੀ ਜਾਂਦਾ ਹੈ। ਦਰਅਸਲ ਸਰਕਾਰ ਵਲੋਂ ਸ਼ੈਲਰ ਮਾਲਕਾਂ ਨੂੰ ਖਰੀਦ ਦੇ ਅਧਿਕਾਰ ਦੇਣਾ ਹੀ ਸਾਰੇ ਪੁਆੜੇ ਦੀ ਜੜ੍ਹ ਬਣੀ ਹੋਈ ਹੈ। ਇਸਤੋਂ ਬਿਹਤਰ ਤਾਂ ਇਹ ਹੈ ਕਿ ਸਰਕਾਰ ਕਿਸਾਨਾਂ ਨੂੰ ਸਟੋਰ ਬਣਾਉਣ ਲਈ ਸਬਸਿਡੀ ਦੇਵੇ ਅਤੇੇ ਕਿਸਾਨ ਆਪਣੀ ਜਿਨਸ ਆਪ ਘਰਾਂ ਵਿਚ ਸਾਂਭ ਸਕਣ ਅਤੇ ਮੰਡੀਆਂ ਵਿਚ ਘਸਮੱਸ ਨਾ ਪਵੇ ਅਤੇ ਮੰਡੀਆਂ ਵਿਚ ਜਿਨਸ ਹੌਲੀ ਹੌਲੀ ਆਵੇ।