ਫ਼ਰੀਦਕੋਟ ’ਚ ਸ਼ਰਾਬ ਦੀ ਅੰਤਰਰਾਜੀ ਤਸਕਰੀ ਦੀ ਕੋਸ਼ਿਸ਼ ਨਾਕਾਮ, 752 ਪੇਟੀਆਂ ਬਰਾਮਦ ਟਰੱਕ ’ਚ ਤੂੜੀ ਹੇਠਾਂ ਲੁਕਾ ਕੇ ਲਿਜਾਈ ਜਾ ਰਹੀ ਸੀ ਸ਼ਰਾਬ, ਗੁਜਰਾਤ ਭੇਜੀ ਜਾਣੀ ਸੀ ਖੇਪ
ਫ਼ਰੀਦਕੋਟ, 21 ਨਵੰਬਰ (ਜਸਵੰਤ ਸਿੰਘ ਪੁਰਬਾ)-ਅੰਤਰਰਾਜੀ ਸ਼ਰਾਬ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਫ਼ਰੀਦਕੋਟ ਪੁਲਿਸ ਦੀ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (ਸੀ. ਆਈ.
ਫ਼
ਫ਼ਰੀਦਕੋਟ ਪੁਲਿਸ ਵਲੋਂ ਸ਼ਰਾਬ ਦੀਆਂ ਨਾਜਾਇਜ਼ ਪੇਟੀਆਂ ਸਮੇਤ ਕਾਬੂ ਦੋਸ਼ੀ ਪੁਲਿਸ ਟੀਮ ਨਾਲ। ਅਜੀਤ ਤਸਵੀਰ
22-11-2026
ਫ਼ਰੀਦਕੋਟ, 21 ਨਵੰਬਰ (ਜਸਵੰਤ ਸਿੰਘ ਪੁਰਬਾ)-ਅੰਤਰਰਾਜੀ ਸ਼ਰਾਬ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਫ਼ਰੀਦਕੋਟ ਪੁਲਿਸ ਦੀ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (ਸੀ.ਆਈ.ਏ.) ਦੀ ਟੀਮ ਨੇ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਗੁਜਰਾਤ ਲਿਜਾਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਪੁਲਿਸ ਨੇ ਇਕ ਟਰੱਕ ਵਿਚੋਂ ਇੰਡੀਅਨ ਮੇਡ ਫ਼ੌਰਨ ਲਿਕਰ (ਆਈ.ਐਮ.ਐਫ.ਐਲ) ਅਤੇ ਮਹਿੰਗੀ ਬੀਅਰ ਦੀਆਂ ਵੱਖ-ਵੱਖ ਬ੍ਰਾਂਡਾਂ ਦੀਆਂ ਕੁੱਲ 752 ਪੇਟੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਮੌਕੇ ’ਤੇ ਹੀ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਰਾਜਸਥਾਨ ਦੇ ਬੀਕਾਨੇਰ ਵਾਸੀ ਹਰੀ ਕ੍ਰਿਸ਼ਨ ਵਜੋਂ ਹੋਈ ਹੈ। ਸ਼ਰਾਬ ਦੀ ਤਸਕਰੀ ਲਈ ਵਰਤਿਆ ਜਾ ਰਿਹਾ ਰਾਜਸਥਾਨ ਨੰਬਰ ਦਾ ਟਰੱਕ ਵੀ ਜ਼ਬਤ ਕਰ ਲਿਆ ਗਿਆ ਹੈ। ਡੀ.ਐਸ.ਪੀ ਅਵਤਾਰ ਸਿੰਘ ਰਾਜਪਾਲ ਅਨੁਸਾਰ ਸੀ.ਆਈ.ਏ. ਦੀ ਇਕ ਟੀਮ ਚਹਿਲ ਰੋਡ ’ਤੇ ਦੇਰ ਸ਼ਾਮ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਖ਼ਾਸ ਸੂਚਨਾ ਮਿਲੀ ਕਿ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਲੈ ਕੇ ਇਕ ਟਰੱਕ ਇਸ ਇਲਾਕੇ ਵਿਚੋਂ ਲੰਘਣ ਵਾਲਾ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਨਾਕਾਬੰਦੀ ਕੀਤੀ ਅਤੇ ਸ਼ੱਕੀ ਟਰੱਕ ਨੂੰ ਰੋਕ ਲਿਆ। ਟਰੱਕ ਦੀ ਬਾਰੀਕੀ ਨਾਲ ਤਲਾਸ਼ੀ ਲੈਣ ’ਤੇ ਪੁਲਿਸ ਨੂੰ ਆਈ.ਐਮ.ਐਫ.ਐਲ ਅਤੇ ਮਹਿੰਗੀ ਬੀਅਰ ਦੀਆਂ ਵੱਖ-ਵੱਖ ਬ੍ਰਾਂਡਾਂ ਦੀਆਂ 752 ਪੇਟੀਆਂ ਬਰਾਮਦ ਹੋਈਆਂ। ਪੁਲਿਸ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀਆਂ ਆਮ ਜਾਂਚਾਂ ਤੋਂ ਬਚਣ ਲਈ ਤਸਕਰਾਂ ਨੇ ਸ਼ਰਾਬ ਦੀਆਂ ਪੇਟੀਆਂ ਨੂੰ ਤੂੜੀ ਦੀਆਂ ਮੋਟੀਆਂ ਪਰਤਾਂ ਹੇਠਾਂ ਲੁਕਾਇਆ ਹੋਇਆ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਤਸਕਰਾਂ ਨੇ ਸ਼ਰਾਬ ਦੀਆਂ ਬੋਤਲਾਂ ’ਤੇ ਲੱਗੇ ਲਾਜ਼ਮੀ ਕਿਊਆਰ ਕੋਡ ਅਤੇ ਬਾਰਕੋਡਾਂ ਨੂੰ ਖੁਰਚ ਕੇ ਅਤੇ ਹਟਾ ਕੇ ਉਨ੍ਹਾਂ ਨਾਲ ਛੇੜਛਾੜ ਕੀਤੀ ਹੋਈ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਅਜਿਹਾ ਜਾਣਬੁੱਝ ਕੇ ਕੀਤਾ ਗਿਆ ਸੀ ਤਾਂ ਜੋ ਸ਼ਰਾਬ ਦੇ ਬੈਚ ਬਾਰੇ ਜਾਣਕਾਰੀ ਅਤੇ ਇਸ ਦੇ ਅਸਲ ਸਰੋਤ ਦੀ ਪਛਾਣ ਮਿਟਾਈ ਜਾ ਸਕੇ ਅਤੇ ਸਪਲਾਈ ਦੀ ਪੂਰੀ ਲੜੀ ਦਾ ਪਤਾ ਨਾ ਲੱਗ ਸਕੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਰਾਬ ਦੀ ਖੇਪ ਕਿੱਥੇ ਪਹੁੰਚਾਈ ਜਾਣੀ ਸੀ, ਇਸ ਬਾਰੇ ਜਾਂਚ ਜਾਰੀ ਹੈ। ਮੁੱਢਲੀ ਪੁੱਛਗਿੱਛ ਅਤੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਪੰਜਾਬ ਵਿਚ ਲੋਡ ਕੀਤੀ ਗਈ ਸੀ ਅਤੇ ਇਸ ਨੂੰ ਗੁਜਰਾਤ ਭੇਜਿਆ ਜਾਣਾ ਸੀ। ਜ਼ਿਕਰਯੋਗ ਹੈ ਕਿ ਗੁਜਰਾਤ ਵਿਚ ਸ਼ਰਾਬ ਦੀ ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਹੈ। ਇਸ ਮਾਮਲੇ ਵਿਚ ਪੰਜਾਬ ਆਬਕਾਰੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਗ੍ਰਿਫ਼ਤਾਰ ਟਰੱਕ ਚਾਲਕ ਨੂੰ ਰਿਮਾਂਡ ਹਾਸਿਲ ਕਰਨ ਲਈ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਵਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਸ਼ਰਾਬ ਦੀ ਖੇਪ ਪੰਜਾਬ ਵਿਚ ਲੋਡ ਕਰਨ ਵਾਲੇ ਸਥਾਨਕ ਸਪਲਾਇਰਾਂ, ਇਸ ਤਸਕਰੀ ਦੇ ਮੁੱਖ ਸਰਗਨਿਆਂ ਅਤੇ ਗੁਜਰਾਤ ਵਿਚ ਇਸ ਨੂੰ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ। ਨਾਲ ਹੀ ਇਸ ਅੰਤਰਰਾਜੀ ਤਸਕਰੀ ਨੈੱਟਵਰਕ ਦੇ ਹੋਰ ਮੈਂਬਰਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।