ਰਾਜਪੁਰਾ, 31 ਦਸੰਬਰ (ਰਣਜੀਤ ਸਿੰਘ)-ਬੀਤੇ ਸਾਲ 'ਚ ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਆਪਣੇ ਨਾਲ ਜੋੜਨ 'ਚ ਜ਼ਿਆਦਾ ਕਾਮਯਾਬ ਵਿਖਾਈ ਨਹੀਂ ਦਿੱਤੀ | ਜ਼ਿਆਦਾਤਰ ਹੋਈਆਂ ਚੋਣਾਂ ਵਿਚ ਕਾਂਗਰਸ ਦਾ ਹੱਥ ਉਪਰ ਵਿਖਾਈ ਦਿੰਦਾ ਰਿਹਾ ਹੈ ਸੋ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਾਲ 'ਚ ਸੱਤਾਧਾਰੀ ਦਾ ਊੁਠ ਕਿਸ ਕਰਥਲ ਬੈਠਦਾ ਹੈ | ਜਾਣਕਾਰੀ ਮੁਤਾਬਿਕ ਬੀਤੇ ਦਿਨੀਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਭਾਵੇਂ ਕਿ ਸੱਤਾਧਾਰੀ ਧਿਰ ਅਤੇ ਵਿਰੋਧੀ ਪਾਰਟੀਆਂ ਵਿਚ ਕਾਂਟੇ ਦੀ ਟੱਕਰ ਸੀ ਪਰ ਜਦੋਂ ਨਤੀਜਾ ਆਇਆ ਤਾਂ ਹਲਕੇ ਦੇ 15 ਜੋਨਾਂ ਵਿਚੋਂ ਕਾਂਗਰਸ ਪਾਰਟੀ ਨਾਲ ਸੰਬੰਧਿਤ 8 ਬਲਾਕ ਸੰਮਤੀ ਮੈਂਬਰ ਜਿੱਤ ਦਾ ਤਾਜ ਆਪਣੇ ਸਿਰ 'ਤੇ ਸਜਾਉਣ ਵਿਚ ਕਾਮਯਾਬ ਹੋ ਗਏ ਸਨ ਜਿਸ ਕਾਰਨ ਸੱਤਾਧਾਰੀ ਧਿਰ ਨੂੰ ਖਾਸਾ ਜ਼ਿਆਦਾ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ | ਇਸ ਦੇ ਨਾਲ ਹੀ ਜੇਕਰ ਸ਼ਹਿਰ ਦੇ ਇਕਲੌਤੇ ਕਾਲਜ ਜਿਸ ਨੂੰ ਪਟੇਲ ਕਾਲਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ | ਇਸ ਦੀ ਮੈਨੇਜਮੈਂਟ ਕਮੇਟੀ ਦੀ ਚੋਣ ਹੋਈ ਤਾਂ ਪ੍ਰਧਾਨ ਦੇਵਕੀ ਨੰਦਨ ਕਾਂਗਰਸ ਪਾਰਟੀ ਦਾ ਆਗੂ ਚੋਣ ਜਿੱਤ ਗਿਆ ਸੀ | ਦੇਵਕੀ ਨੰਦਨ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਸੱਜੀ ਬਾਂਹ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਅਤੇ ਦੇਵਕੀ ਨੰਦਨ ਦਾ ਭਰਾ ਨਰਿੰਦਰ ਸ਼ਾਸਤਰੀ ਨਗਰ ਕੌਂਸਲ ਦਾ ਪ੍ਰਧਾਨ ਹੈ | ਭਾਵੇਂ ਕਿ ਨਗਰ ਕੌਂਸਲ ਵਿਚ ਪ੍ਰਧਾਨਗੀ ਦੀ ਕੁਰਸੀ ਨੂੰ ਕਈ ਵਾਰ ਰਾਜਨੀਤਿਕ ਸੁਨਾਮੀ ਲਹਿਰਾਂ ਦਾ ਸਾਹਮਣਾ ਕਰਨਾ ਪਿਆ | ਕਾਂਗਰਸ ਪਾਰਟੀ ਦੇ ਕਈ ਕੌਂਸਲਰ ਕਾਂਗਰਸ ਦਾ ਹੱਥ ਛੱਡ ਕੇ ਸੱਤਾਧਾਰੀ ਧਿਰ ਦੇ ਪਾਲੇ ਵਿਚ ਚਲੇ ਗਏ ਪਰ ਪ੍ਰਧਾਨਗੀ ਦੀ ਕੁਰਸੀ ਹਾਲ ਦੀ ਘੜੀ ਖੰਭੇ ਵਾਂਗ ਖੜੀ ਵਿਖਾਈ ਦੇ ਰਹੀ ਹੈ ਅਤੇ ਇਸ ਤੇ ਕਾਂਗਰਸ ਪਾਰਟੀ ਦਾ ਆਗੂ ਨਰਿੰਦਰ ਸ਼ਾਸਤਰੀ ਕਾਬਜ਼ ਹੈ | ਇਹ ਵੀ ਦੱਸਣਾ ਬਣਦਾ ਹੈ ਕਿ ਸ਼ਹਿਰ ਵਿਚ 31 ਵਾਰਡ ਹਨ ਅਤੇ ਬੀਤੇ ਸਮੇਂ ਵਿਚ ਕਾਂਗਰਸ ਪਾਰਟੀ ਦੇ 27 ਕੌਂਸਲਰ ਜਿੱਤੇ ਸਨ | ਉਨ੍ਹਾਂ ਵਿਚੋਂ ਕਈ ਕੌਂਸਲਰ ਸੱਤਾਧਾਰੀ ਧਿਰ ਦੀ ਘਨੇੜੀ ਚੜ੍ਹ ਗਏ ਸਨ | ਇਸੇ ਕਾਰਨ ਸੱਤਾਧਾਰੀ ਆਪਣਾ ਸੀਨੀਅਰ ਵਾਇਸ ਪ੍ਰਧਾਨ ਅਤੇ ਵਾਇਸ ਪ੍ਰਧਾਨ ਬਣਾਉਣ ਵਿਚ ਕਾਮਯਾਬ ਹੋ ਗਈ ਸੀ ਪਰ ਇਹਨਾਂ ਦਾ ਕਾਰਜ ਕਾਲ 9 ਮਾਰਚ ਨੂੰ ਖ਼ਤਮ ਹੋ ਗਿਆ ਸੀ | ਇਸ ਤੋਂ ਬਾਅਦ ਲੱਗ ਰਿਹਾ ਸੀ ਕਿ ਸੱਤਾਧਾਰੀ ਧਿਰ ਇਹਨਾਂ ਦੋਵੇਂ ਅਹੁਦਿਆਂ ਲਈ ਚੋਣ ਕਰਵਾਏਗੀ ਪਰ ਚੋਣ ਨਹੀ ਕਰਵਾਈ ਗਈ | ਰਾਜਨੀਤਿਕ ਪੰਡਤਾਂ ਦਾ ਕਹਿਣਾ ਹੈ ਕਿ ਕਈ ਕੌਂਸਲਰ ਕਾਂਗਰਸ ਪਾਰਟੀ ਦਾ ਹੱਥ ਛੱਡ ਕੇ ਸੱਤਾਧਾਰੀ ਧਿਰ ਨਾਲ ਘਿਉ ਖਿਚੜੀ ਹੋ ਗਏ ਸਨ ਪਰ ਥੋੜੀ ਜਿਹੀ ਦੇਰ ਬਾਅਦ ਹੀ ਉਹਨਾਂ ਦਾ ਸੱਤਾਧਾਰੀ ਧਿਰ ਤੋ ਮੋਹ ਭੰਗ ਹੋ ਗਿਆ ਸੀ ਅਤੇ ਉਨ੍ਹਾਂ ਵਿਚੋਂ ਕਈਆਂ ਨੇ ਘਰ ਵਾਪਸੀ ਕਰ ਲਈ ਸੀ ਮੁੜ ਕੇ ਹੱਥ ਨਾਲ ਹੱਥ ਮਿਲਾ ਲਿਆ ਸੀੇ | ਇਸ ਲਈ ਸੱਤਾਧਾਰੀ ਧਿਰ ਨੇ ਸ਼ਾਇਦ ਧੋਬੀ ਪਟੜਾ ਲੱਗਣ ਦੇ ਡਰ ਤੋ ਇਹ ਚੋਣ ਨਹੀ ਕਰਵਾਈ ਸੀ | ਜੇਕਰ ਇਸ ਸਾਲ ਨਗਰ ਕੋਸਲ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਵੇਖਣਾ ਹੋਵੇਗਾ ਕਿ ਸੱਤਾਧਾਰੀ ਧਿਰ 31 ਵਾਰਡਾਂ ਵਿਚੋਂ ਆਪਣੇ ਕਿੰਨੇ ਕੌਂਸਲਰ ਜਿਤਾ ਕੇ ਜਿਤ ਦਾ ਜ਼ਸ਼ਨ ਮਨਾਏਗੀ | ਹਾਲ ਦੀ ਘੜੀ ਇਸ ਬਾਰੇ ਵਿਚ ਕੁਝ ਵੀ ਕਹਿਣਾ ਜਲਦ ਬਾਜੀ ਹੋਵੇਗੀ | ਜਦ ਕਿ ਸੱਤਾਧਾਰੀ ਧਿਰ ਹਲਕੇ ਅਤੇ ਸ਼ਹਿਰ ਵਿਚ ਕਰਵਾਏ ਗਏ ਵਿਕਾਸ ਦੇ ਕੰਮਾਂ ਨੂੰ ਲੈ ਕੇ ਜਨਤਾ ਦੀ ਕਚਿਹਰੀ ਵਿਚ ਜਾਵੇਗੀ ਅਤੇ ਵੋਟਾਂ ਦੀ ਖੈਰ ਮੰਗੇਗੀ | ਇਹ ਸ਼ਹਿਰ ਦੇ ਵੋਟਰਾਂ ਨੇ ਵੇਖਣਾ ਹੈ ਕਿ ਕੀ ਕਰਨਾ ਹੈ | ਇਸ ਲਈ ਲੰਘਿਆ ਸਾਲ ਵਿਚ ਰਾਜਨੀਤਿਕ ਗਤੀਵਿਧੀਆਂ ਦੀ ਚੱਕੀ ਕਦੇ ਤੇਜ ਅਤੇ ਕਦੇ ਹੋਲੀ ਚਲਦੀ ਰਹੀ | ਹੁਣ ਨਵੇਂ ਵਰੇ੍ਹ ਵਿਚ ਰਾਜਨੀਤਕ ਚੱਕੀ ਕਿਸ ਗਤੀ ਨਾਲ ਘੁੰਮੇਗੀ |