ਨਾਭਾ, 4 ਜਨਵਰੀ (ਜਗਨਾਰ ਸਿੰਘ ਦੁਲੱਦੀ)-ਵਿਧਾਨ ਸਭਾ ਹਲਕਾ ਨਾਭਾ ਅੰਦਰ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਯੂਥ ਕਾਂਗਰਸ ਦੇ ਸਾਬਕਾ ਹਲਕਾ ਵਾਈਸ ਪ੍ਰਧਾਨ ਧਰਮਪਾਲ ਮਿੱਤਲ ਆਪਣੇ ਸੈਂਕੜੇ ਸਾਥੀਆਂ ਸਮੇਤ ਬੀਜੇਪੀ 'ਚ ਸ਼ਾਮਿਲ ਹੋ ਗਏ | ਧਰਮਪਾਲ ਮਿੱਤਲ ਅਤੇ ਗੌਰਵ ਕਥੂਰੀਆ ਵਲੋਂ ਬੀਜੇਪੀ ਵਪਾਰ ਵਿੰਗ ਦੇ ਸੂਬਾ ਵਾਈਸ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਦੀ ਅਗਵਾਈ ਹੇਠ ਬੀਜੇਪੀ ਦਾ ਲੜ ਫੜ ਲਿਆ ਗਿਆ ਹੈ | ਬੀਜੇਪੀ 'ਚ ਸ਼ਾਮਿਲ ਹੋਣ ਉਪਰੰਤ ਧਰਮਪਾਲ ਮਿੱਤਲ ਅਤੇ ਗੌਰਵ ਕਥੂਰੀਆ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕਪੱਖੀ ਨੀਤੀਆਂ ਤੋਂ ਖ਼ੁਸ਼ ਹੋ ਕੇ ਬੀਜੇਪੀ 'ਚ ਸ਼ਾਮਿਲ ਹੋਏ ਹਾਂ | ਬੀਜੇਪੀ ਆਗੂ ਰਾਜੇਸ਼ ਬਾਂਸਲ ਬੱਬੂ, ਬਰਿੰਦਰ ਬਿੱਟੂ ਅਤੇ ਮੰਡਲ ਪ੍ਰਧਾਨ ਪਰਮਿੰਦਰ ਗੁਪਤਾ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਨਾਭਾ ਹਲਕੇ ਦੇ ਵੱਖ-ਵੱਖ ਪਾਰਟੀਆਂ ਦੇ ਵੱਡੇ ਆਗੂ ਵੀ ਬੀਜੇਪੀ 'ਚ ਸ਼ਾਮਿਲ ਹੋਣਗੇ | ਉਨ੍ਹਾਂ ਕਿਹਾ ਕਿ ਬੀਜੇਪੀ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਆਪਣੇ ਦਮ 'ਤੇ ਲੜੇਗੀ ਅਤੇ ਸਾਰੇ ਵਾਰਡਾਂ 'ਚ ਬੀਜੇਪੀ ਵਲੋਂ ਉਮੀਦਵਾਰ ਖੜ੍ਹੇ ਕੀਤੇ ਜਾਣਗੇ | ਵਿਰੋਧੀ ਪਾਰਟੀਆਂ 'ਤੇ ਤੰਜ ਕਸਦਿਆਂ ਬੀਜੇਪੀ ਆਗੂਆਂ ਨੇ ਕਿਹਾ ਕਿ ਕਿਸੇ ਵੀ ਵਿਰੋਧੀ ਪਾਰਟੀ ਵਲੋਂ ਸ਼ਹਿਰ ਦੇ ਵਿਕਾਸ ਨੂੰ ਕੋਈ ਤਰਜੀਹ ਨਹੀਂ ਦਿੱਤੀ ਗਈ ਜਿਸ ਕਰਕੇ ਨਾਭੇ ਹਲਕੇ ਦੇ ਲੋਕ ਬੀਜੇਪੀ ਉਮੀਦਵਾਰਾਂ ਨੂੰ ਜਿਤਾਉਣ ਲਈ ਉਤਾਵਲੇ ਹਨ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਓਹ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ 'ਚ ਬੀਜੇਪੀ ਦੇ ਉਮੀਦਵਾਰਾਂ ਵੱਡੇ ਫ਼ਰਕ ਨਾਲ ਜਿਤਾਉਣ ਤਾਂ ਜੋ ਨਾਭੇ ਦਾ ਸਹੀ ਤਰੀਕੇ ਨਾਲ ਵਿਕਾਸ ਕਰਵਾਇਆ ਜਾ ਸਕੇ | ਇਸ ਮੌਕੇ ਰੀਨਾ ਬਾਂਸਲ, ਸ਼ਨੀ ਸਿੰਗਲਾ, ਅਮਿਤ ਜਿੰਦਲ, ਅਸ਼ੋਕ ਜਿੰਦਲ ਆਦਿ ਬੀਜੇਪੀ ਆਗੂ ਅਤੇ ਵਰਕਰ ਮੌਜੂਦ ਸਨ |