ਨਾਭਾ, 31 ਜਨਵਰੀ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਸਾਹੀ ਪਰਿਵਾਰ ਵਲੋਂ ਰਿਆਸਤੀ ਤੇ ਵਿਰਾਸਤੀ ਇਮਾਰਤ ਹੀਰਾ ਮਹਿਲ ਵਿਖੇ ਕਰੀਬ 124 ਸਾਲਾਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਜਿਨ੍ਹਾਂ ਦੇ 2 ਜਨਵਰੀ ਨੂੰ ਭੋਗ ਪਾਏ ਜਾਣਗੇ | ਜ਼ਿਕਰਯੋਗ ਹੈ ਕਿ ਇਹ ਸ੍ਰੀ ਅਖੰਡ ਪਾਠ ਸਾਹਿਬ ਬਾਬਾ ਰਾਜ ਸਿੰਘ ਜੀ ਕਾਲਝਰਾਣੀ ਵਾਲਿਆਂ ਵਲੋਂ ਇਕ ਚੌਂਕੜੇ ਵਿੱਚ ਸੰਪੂਰਨ ਕੀਤੇ ਜਾਣਗੇ | ਅੱਜ ਸਾਹੀ ਮਹਿਲ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਹੁੰਚ ਕੇ ਸ਼ਾਹੀ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਯੁਵਰਾਜ ਅਭੀ ਉਦੇ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਸਮਾਗਮ ਦੀਆਂ ਵਧਾਈਆਂ ਦਿੱਤੀਆਂ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਹੀ ਹੀਰਾ ਮਹਿਲ ਸਾਡੀ ਵਿਰਾਸਤੀ ਇਮਾਰਤ ਹੈ ਇਸ ਕਰਕੇ ਇਹਨਾਂ ਦੀ ਸਾਂਭ ਸੰਭਾਲ ਕਰਨਾ ਬਹੁਤ ਜਰੂਰੀ ਸੀ ਜੋ ਪਰਿਵਾਰ ਵਲੋਂ ਹੀ ਕੀਤੀ ਗਈ ਹੈ ਇਹ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਕਦਮ ਹੈ | ਮਹਾਰਾਣੀ ਉਮਾਂ ਸਿੰਘ ਅਤੇ ਰਾਣੀ ਪ੍ਰੀਤੀ ਸਿੰਘ ਵਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਜੀਓ ਆਇਆ ਆਖਿਆ ਗਿਆ | ਇਸ ਮੌਕੇ ਸੰਤ ਬਾਬਾ ਨਰਿੰਦਰ ਸਿੰਘ ਅਲਹੋਰਾਂ ਸਾਹਿਬ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਹਲਕਾ ਇੰਚਾਰਜ, ਜਸਪਾਲ ਸਿੰਘ ਕਲਿਆਣ, ਜਗਜੀਤ ਸਿੰਘ ਕੋਹਲੀ,ਧਰਮਿੰਦਰ ਸਿੰਘ ਭੋਜੋਮਾਜਰੀ,ਬਲਾਕ ਦਿਹਾਤੀ ਪ੍ਰਧਾਨ ਗੁਰਮੀਤ ਸਿੰਘ ਕੋਟ, ਬਲਾਕ ਸ਼ਹਿਰੀ ਪ੍ਰਧਾਨ ਅਨਿਲ ਗੁਪਤਾ, ਡਾ. ਪਵਨ ਕੁਮਾਰ ਪੱਪੀ ਆਦਿ ਸ਼ਹਿਰ ਵਾਸੀ ਹਾਜ਼ਰ ਸਨ |