ਰਾਜਪੁਰਾ, 22 ਫਰਵਰੀ (ਜੀ.ਪੀ. ਸਿੰਘ)-ਸਥਾਨਕ ਰੇਲਵੇ ਸਟੇਸ਼ਨ ਦੇ ਨੇੜੇ ਇਕ ਨੌਜਵਾਨ ਵਲੋਂ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਬੇਅਦਬੀ ਕਰਨ ਦੀ ਘਟਨਾ ਸਾਹਮਣੇ ਆਈ ਹੈ | ਜਿਸ ਨੂੰ ਮੌਕੇ 'ਤੇ ਰਾਹਗੀਰਾਂ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰਕੇ ਸ਼ਹਿਰੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ | ਥਾਣਾ ਸ਼ਹਿਰੀ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ 112 ਨੰਬਰ 'ਤੇ ਫ਼ੋਨ ਆਇਆ ਕਿ ਰਾਜਪੁਰਾ ਰੇਲਵੇ ਸਟੇਸ਼ਨ ਦੇ ਨੇੜੇ ਇਕ ਨੌਜਵਾਨ ਵਲੋਂ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਗਈ ਹੈ | ਜਿਸ 'ਤੇ ਹੀ ਪੀ.ਸੀ.ਆਰ. ਨੇੜੇ ਡਿਊਟੀ ਕਰ ਰਹੇ ਮੁਲਾਜ਼ਮ ਅਤੇ ਡਿਊਟੀ ਅਫ਼ਸਰ ਨੂੰ ਮੌਕੇ 'ਤੇ ਭੇਜਿਆ | ਇਸ ਮੌਕੇ ਹਿੰਮਤ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਰੇਲਵੇ ਸਟੇਸ਼ਨ ਦੇ ਸਾਈਕਲ ਸਟੈਂਡ ਤੋਂ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਬਾਹਰ ਆਇਆ ਤਾਂ ਦੇਖਿਆ ਕਿ ਇਕ ਵਿਅਕਤੀ, ਜਿਸ ਦੇ ਸਿਰ ਦੇ ਵਾਲ ਮੁੰਨੇ ਹੋਏ ਸੀ, ਨੇ ਪਹਿਲਾਂ ਰੇਲਵੇ ਸਟੇਸ਼ਨ ਦੇ ਬਾਹਰ ਬੀੜੀ ਸਿਗਰਟਾਂ ਦੀਆਂ ਦੁਕਾਨ ਤੋਂ ਕੁੱਝ ਨਸ਼ਾ ਖ਼ਰੀਦਿਆ ਤੇ ਫੇਰ ਕੰਬਲ ਲੈ ਕੇ ਅੱਗੇ ਆਇਆ ਤਾਂ ਅਚਾਨਕ ਉਸ ਦੇ ਹੱਥ ਵਿਚੋਂ ਗੁਟਕਾ ਸਾਹਿਬ ਥੱਲੇ ਡਿਗ ਪਿਆ ਅਤੇ ਉਸ ਨੇ ਬੜੀ ਤੇਜ਼ੀ ਦੇ ਨਾਲ ਗੁਟਕਾ ਸਾਹਿਬ ਚੁੱਕ ਕੇ ਕੰਬਲ ਦੇ ਵਿਚ ਲੁਕਾ ਲਿਆ | ਜਦੋਂ ਉਸ ਨੇ ਹੋਰਨਾਂ ਰਾਹਗੀਰਾਂ ਦੀ ਮਦਦ ਦੇ ਨਾਲ ਉਕਤ ਵਿਅਕਤੀ ਤੋਂ ਸਖ਼ਤੀ ਦੇ ਨਾਲ ਕੰਬਲ ਵਿਚੋਂ ਗੁਟਕਾ ਸਾਹਿਬ ਲਿਆ ਗਿਆ ਤਾਂ ਦੇਖਿਆ ਕਿ ਗੁਟਕਾ ਸਾਹਿਬ ਦੇ ਕੁੱਝ ਅੰਗ ਪਾੜੇ ਹੋਏ ਸਨ | ਥਾਣਾ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਜਿਹੜਾ ਬੇਅਦਬੀ ਕਰਨ ਵਾਲਾ ਵਿਅਕਤੀ ਕਾਬੂ ਕੀਤਾ ਗਿਆ ਹੈ ਉਸ ਦਾ ਨਾਮ ਲੱਕੀ ਹੈ ਅਤੇ ਸਥਾਨਕ ਪੁਰਾਣੀ ਮਿਰਚ ਮੰਡੀ ਦਾ ਵਸਨੀਕ ਹੈ | ਗੁਰਦੁਆਰਾ ਬਾਬਾ ਜੀਵਨ ਸਿੰਘ ਪੁਰਾਣੀ ਮਿਰਚ ਮੰਡੀ ਦੇ ਗ੍ਰੰਥੀ ਨੇ ਦੱਸਿਆ ਕਿ ਲੱਕੀ ਨਾਮ ਨੌਜਵਾਨ ਨੇ 10 ਕੁ ਦਿਨ ਪਹਿਲਾਂ ਹੀ ਆਪਣੇ ਕੇਸ ਕਟਵਾਏ ਹਨ ਅਤੇ ਲੱਕੀ ਦੀ ਮਾਂ ਨੇ ਦੱਸਿਆ ਕਿ ਲੱਕੀ ਦੀ ਪਤਨੀ ਆਪਣੇ ਲੜਕੇ ਨੂੰ ਲੈ ਕੇ ਛੱਡ ਕੇ ਚਲੀ ਗਈ ਹੈ ਤੇ ਉਹ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਗੁਟਕਾ ਸਾਹਿਬ ਨੂੰ ਪੂਰੀ ਸ਼ਰਧਾ ਦੇ ਨਾਲ ਗੁਰਦੁਆਰਾ ਬਾਬਾ ਜੀਵਨ ਸਿੰਘ ਮਿਰਚ ਮੰਡੀ ਰਾਜਪੁਰਾ ਵਿਖੇ ਪਹੁੰਚਾ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨੂੰ ਗਿ੍ਫ਼ਤਾਰ ਕਰ ਕੇ ਉਸ ਦੇ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਧਾਰਾ 295ਏ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |