ਰੌਲਿਆਂ ਅਤੇ ਮਾੜੇ ਪ੍ਰਬੰਧਾਂ ਦੀ ਭੇਟ ਚੜਿ੍ਹਆ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦਾ ਆਖਰੀ ਦਿਨ
ਅਜੀਤ ਡੈਸਕ
04-03-2026
ਪਟਿਆਲਾ, 3 ਮਾਰਚ-ਪਟਿਆਲਾ ਦੇ ਸ਼ੀਸ਼ ਮਹਿਲ ਵਿਖੇ 21 ਫਰਵਰੀ ਤੋਂ ਸ਼ੁਰੂ ਹੋਇਆ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ ਪਹਿਲੇ ਦਿਨ ਤੋਂ ਹੀ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਘਾਟ ਨੂੰ ਲੈ ਕੇ ਚਰਚਾ 'ਚ ਰਿਹਾ | ਇਸ ਮੇਲੇ 'ਚ ਕਦੇ ਝੂਲੇ ਟੁੱਟੇ, ਕਦੇ ਗਾਇਕਾਂ ਦੇ ਗਾਉਣ ਮੌਕੇ ਝੂਲੇ ਬੰਦ ਕਰਵਾਏ ਗਏ, ਕਦੇ ਕਿਸੇ ਬੇਹੋਸ਼ ਹੋਈ ਲੜਕੀ ਨੂੰ ਚਾਦਰ 'ਚ ਚੁੱਕ ਕੇ ਲੈ ਕੇ ਜਾਣਾ ਵਾਇਰਲ ਹੋਣਾ, ਕਦੇ ਮੇਲੇ ਦੌਰਾਨ ਦੁਕਾਨਾਂ ਨਾ ਮਿਲਣ ਕਾਰਨ ਅਧਿਕਾਰੀਆਂ ਨਾਲ ਬਹਿਸਬਾਜ਼ੀ ਹੋਣ ਤੋਂ ਇਲਾਵਾ ਮੇਲੇ 'ਚ ਮਾੜੇ ਭੋਜਨ ਦਾ ਵਿਕਣਾ ਵਰਗੀਆਂ ਘਟਨਾਵਾਂ ਸ਼ਾਮਿਲ ਰਹੀਆਂ | ਕੱਲ੍ਹ ਮੇਲੇ ਦੇ ਆਖਰੀ ਦਿਨ ਵੀ ਹਾਲ-ਏ-ਆਲਮ ਇਹੀ ਰਿਹਾ ਕਿਉਂਕਿ ਸ਼ਾਮ ਨੂੰ ਗਾਇਕ ਆਰ. ਨੇਤ ਨੇ ਆਪਣਾ ਪ੍ਰੋਗਰਾਮ ਪੇਸ਼ ਕਰਨਾ ਸੀ ਅਤੇ ਮੇਲੇ ਦੀ ਟਿਕਟ 4 ਵਜੇ ਤੋਂ ਬਾਅਦ 100 ਰੁਪਿਆ ਹੋਣੀ ਸੀ ਪਰੰਤੂ ਕੱਲ੍ਹ ਪਟਿਆਲਾ ਸਮੇਤ ਹੋਰਨਾਂ ਥਾਵਾਂ ਤੋਂ ਗਾਇਕ ਨੂੰ ਸੁਣਨ ਨੂੰ ਆਏ ਲੋਕਾਂ ਨੂੰ ਉਸ ਸਮੇਂ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੂੰ 100 ਰੁਪਏ ਦੀ ਟਿਕਟ ਲੈ ਕੇ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ | ਸ਼ੀਸ਼ ਮਹਿਲ ਦਾ ਮੇਨ ਗੇਟ ਸਮੇਂ ਤੋਂ ਪਹਿਲਾਂ ਬੰਦ ਕਰ ਦਿੱਤਾ ਗਿਆ ਅਤੇ ਲੋਕਾਂ ਨੂੰ ਗਾਇਕ ਨੂੰ ਵੇਖਣ ਅਤੇ ਸੁਣਨ ਲਈ ਕੰਧਾਂ ਟੱਪ ਕੇ ਮੇਲੇ 'ਚ ਪਹੁੰਚਣਾ ਪਿਆ | ਇਕ ਪਾਸੇ ਇਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਮਾੜੇ ਪ੍ਰਬੰਧਾਂ ਦੀ ਪੋਲ ਖੋਲ੍ਹੀ ਉੱਥੇ ਹੀ ਕੰਧਾਂ ਟੱਪਣ ਕਾਰਨ ਕਈ ਨੌਜਵਾਨਾਂ ਦੇ ਸੱਟਾਂ ਲੱਗੀਆਂ ਅਤੇ ਕਈਆਂ ਦਾ ਸਮਾਨ ਗੁੰਮ ਹੋਇਆ | ਮੇਲਾ ਪ੍ਰਬੰਧਕਾਂ ਵਲੋਂ ਸ਼ਾਮ ਨੂੰ 7 ਵਜੇ ਹੀ ਐਂਟਰੀ ਗੇਟ ਬੰਦ ਕਰ ਦਿੱਤਾ ਗਿਆ ਅਤੇ ਸ਼ੀਸ਼ ਮਹਿਲ ਦੇ ਮੁੱਖ ਗੇਟ ਅੱਗੇ ਹੀ ਲੋਕਾਂ ਦੀ ਭੀੜ ਹੋਣ ਲੱਗੀ | ਪੁਲਿਸ ਵਲੋਂ ਮੁੱਖ ਗੇਟ ਅੱਗੇ ਖੜ੍ਹੇ ਲੋਕਾਂ ਨੂੰ ਗੇਟ ਤੋਂ ਦੂਰ ਕੀਤਾ ਗਿਆ ਜਿਸ ਤੋਂ ਭੜਕੇ ਨੌਜਵਾਨ ਮੁੰਡੇ ਕੁੜੀਆਂ ਨੇ ਗਾਇਕ ਨੂੰ ਸੁਣਨ ਲਈ ਕੰਧਾਂ ਟੱਪਣਾ ਬਿਹਤਰ ਸਮਝਿਆ ਅਤੇ ਪਾਰਕਿੰਗ ਵਾਲੀ ਸਾਈਡ ਤੋਂ ਕੰਧਾਂ ਟੱਪ ਕੇ ਸ਼ੀਸ਼ ਮਹਿਲ ਦੇ ਅੰਦਰ ਚਲੇ ਗਏ | ਬਹੁਤੇ ਦਰਸ਼ਕਾਂ ਵਲੋਂ ਮੇਲੇ ਤੋਂ ਬਾਹਰ ਨਿਕਲਣ ਵਾਲੇ ਰਸਤੇ ਰਾਹੀਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਗਈ ਜਿਸ ਕਾਰਨ ਉੱਥੇ ਵੱਡੀ ਭੀੜ ਇਕੱਠੀ ਹੋ ਗਈ ਅਤੇ ਲੋਕਾਂ ਵਲੋਂ ਵੀ ਧੱਕਾਮੁੱਕੀ ਕਰਦਿਆਂ ਮੇਲੇ ਅੰਦਰ ਜਾਇਆ ਗਿਆ | ਜੇਕਰ ਮੇਲੇ ਦੇ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਕੰਧਾਂ ਟੱਪਣ ਕਾਰਨ ਜਦੋਂ ਇਕ ਨੌਜਵਾਨ ਦੀ ਲੱਤ ਟੁੱਟੀ ਤਾਂ ਉਸ ਨੂੰ ਸ਼ੀਸ਼ ਮਹਿਲ ਤੋਂ ਬਾਹਰ ਕੱਢਣ ਲਈ ਵੀ ਲਗਭਗ ਘੰਟੇ ਦਾ ਸਮਾਂ ਲੱਗਿਆ ਅਤੇ ਉਸ ਨੂੰ ਬਾਹਰ ਕੱਢਣ ਵੇਲੇ ਸ਼ੀਸ਼ ਮਹਿਲ ਦੇ ਮੁੱਖ ਬੂਹੇ 'ਤੇ ਲੱਗੇ ਤਾਲੇ ਨੂੰ ਮੌਕੇ 'ਤੇ ਲੋਕਾਂ ਵਲੋਂ ਇੱਟਾਂ ਮਾਰ ਕੇ ਭੰਨਿਆ ਗਿਆ | ਆਪਣੇ ਲਈ ਕੀਤੀ ਖਰੀਦਦਾਰੀ ਲੋਕਾਂ ਨੂੰ ਘਰੇ ਲਿਜਾਉਣ ਲਈ ਨਹੀਂ ਮਿਲੀ ਕਿਉਂਕਿ ਭੀੜ ਵਿਚ ਬਹੁਤਿਆਂ ਦਾ ਸਾਮਾਨ ਗੁੰਮ ਹੋਇਆ | ਲੋਕਾਂ ਵਲੋਂ ਪ੍ਰਸ਼ਾਸਨ 'ਤੇ ਜੰਮ ਕੇ ਵਰਿ੍ਹਆ ਗਿਆ ਅਤੇ ਕਿਹਾ ਕਿ ਪ੍ਰਸ਼ਾਸਨ ਵਲੋਂ ਅਗਾਊਾ ਪ੍ਰਬੰਧ ਨਹੀਂ ਕੀਤੇ ਗਏ ਸਨ ਅਤੇ ਟਿਕਟਾਂ ਲੈਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਨਿਰਾਸ਼ ਹੋਣਾ ਪਿਆ | ਇਕ ਪਾਸੇ ਮੇਲਾ ਪ੍ਰਬੰਧਨ ਅਧਿਕਾਰੀਆਂ ਵਲੋਂ ਸ਼ੀਸ਼ ਮਹਿਲ ਦੇ ਬੂਹੇ 'ਤੇ ਸਾਫ਼ ਅੱਖਰਾਂ 'ਚ ਲਗਾਇਆ ਗਿਆ ਸੀ ਕਿ ਟਿਕਟਾਂ ਦੀ ਵਿਕਰੀ 8.30 ਵਜੇ ਤਕ ਹੋਵੇਗੀ ਪਰੰਤੂ ਟਿਕਟ ਕਾਊਾਟਰ ਸਮੇਂ ਤੋਂ ਪਹਿਲਾਂ ਹੀ ਖਾਲੀ ਮਿਲੇ ਅਤੇ ਮੇਨ ਗੇਟ ਦੇ ਰਾਤ ਨੂੰ ਬੰਦ ਕਰਨ ਦਾ ਸਮਾਂ 9 ਵਜੇ ਰੱਖਿਆ ਗਿਆ ਸੀ ਜੋ ਕਿ ਮੇਲੇ ਦੇ ਬਹੁਤੇ ਦਿਨ 15 ਜਾਂ 20 ਮਿੰਟ ਪਹਿਲਾਂ ਹੀ ਬੰਦ ਕਰ ਕੇ ਡਿਊਟੀ ਅਧਿਕਾਰੀ ਤੁਰਦੇ ਬਣਦੇ ਸਨ | ਇਸ ਮੌਕੇ ਮੇਲਾ ਦੇਖਣ ਆਏ ਦਰਸ਼ਕਾਂ ਨੇ ਮੇਲਾ ਪ੍ਰਬੰਧਕਾਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪ੍ਰਬੰਧਕਾਂ ਵਲੋਂ 100 ਰੁਪਏ ਦੀ ਟਿਕਟ ਵੇਚਣ ਤੋਂ ਬਾਅਦ ਵੀ ਨਾ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਗਿਆ ਅਤੇ ਗੱਲ ਸੁਣਨ ਤੋਂ ਵੀ ਇਨਕਾਰੀ ਰਹੇ | ਜਦੋਂ ਕਿ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਵੀ ਸੂਚਨਾ ਅਗਾਊਾ ਦੇਣੀ ਜ਼ਰੂਰੀ ਬਣਦੀ ਸੀ |