ਸਨੌਰ, 5 ਮਾਰਚ (ਮੋਹਣ ਸਿੰਘ ਭੱਟੀ)-ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ 'ਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਲਈ ਕਈ ਮਾਣਿਆ ਹੋਇਆ ਅਤੇ ਸਿੱਖਿਆ ਪ੍ਰਣਾਲੀ ਨਾਲ ਜੁੜਿਆ ਹੋਇਆ ਕਾਰਜਕ੍ਰਮ ਅਮਲ 'ਚ ਲਿਆਇਆ ਗਿਆ | ਇਸ ਮੌਕੇ 'ਤੇ ਸਕੂਲ ਪ੍ਰਬੰਧਨ ਵਲੋਂ ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਬਾਲ ਵਿਦਿਆਰਥੀਆਂ ਲਈ ਆਰਟ ਅਤੇ ਕਰਾਫ਼ਟ ਦਾ ਮੁਕਾਬਲਾ ਕਰਵਾਇਆ ਗਿਆ | ਇਸ ਤੋਂ ਇਲਾਵਾ ਛੋਟੀਆਂ ਜਮਾਤਾਂ ਦੇ ਬਾਲ ਵਿਦਿਆਰਥੀਆਂ ਨੇ ਕਵਿਤਾਵਾਂ ਅਤੇ ਕਹਾਣੀਆਂ ਦੀ ਪੇਸ਼ਕਾਰੀ ਕਰਦਿਆਂ ਆਪਣੇ ਹੁਨਰਾਂ ਦਾ ਪ੍ਰਦਰਸ਼ਨ ਕੀਤਾ | ਨੌਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਾਦ-ਵਿਵਾਦ ਪ੍ਰਤੀਯੋਗਤਾ ਦਾ ਸਮਾਗਮ ਕਰਵਾਇਆ ਗਿਆ | ਜਿੱਥੇ ਖੁਸ਼ਪ੍ਰੀਤ ਕੌਰ, ਹੀਰਤ ਕੰਬੋਜ, ਸੋਨਾਕਸ਼ੀ ਅਤੇ ਨਵਰੀਤ ਨੇ ਆਪਣੇ ਮੁਖਲਫ ਸਮਾਜਿਕ ਅਧਿਕਾਰਾਂ ਬਾਰੇ ਜਾਣਕਾਰੀ ਦਿੰਦਿਆਂ ਆਪਣੇ ਸਾਥੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ | ਉਨ੍ਹਾਂ ਦੀ ਉੱਤਮ ਕਾਰਗੁਜ਼ਾਰੀ ਲਈ ਸੰਬੰਧਿਤ ਵਿਦਿਆਰਥਣਾਂ ਨੂੰ ਸਰਟੀਫਿਕੇਟ ਅਤੇ ਤਗਮੇ ਦੇਕੇ ਸਨਮਾਨਿਤ ਕੀਤਾ ਗਿਆ | ਸਕੂਲ ਪ੍ਰਬੰਧਨ ਵਲੋਂ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਬਾਲ ਵਿਦਿਆਰਥੀਆਂ ਲਈ ਆਪਣੇ ਆਪ ਦੀ ਸੁਰੱਖਿਆ ਸੰਬੰਧੀ ''ਗੁੱਡ ਟੱਚ ਅਤੇ ਬੈੱਡ ਟੱਚ'' ਵਿਸ਼ੇ 'ਤੇ ਇਕ ਮਹੱਤਵਪੂਰਨ ਸੈਮੀਨਾਰ ਕਰਵਾਇਆ ਗਿਆ | ਸਕੂਲ ਦੀ ਪਿ੍ੰਸੀਪਲ ਬਿੰਦੂ ਮਾਰਿਆ ਅਤੇ ਸਕੂਲ ਪ੍ਰਬੰਧਕ ਬਲਦੀਸ਼ ਕੌਰ ਨੇ ਕਾਰਜਕ੍ਰਮ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਭ ਵਿਦਿਆਰਥੀਆਂ ਦੀ ਤਗਮੇ ਅਤੇ ਸਰਟੀਫਿਕੇਟ ਦੇ ਕੇ ਹੌਸਲਾ ਅਫਜ਼ਾਈ ਕੀਤੀ | ਪ੍ਰਬੰਧਨ ਵਲੋਂ ਹੋਰ ਵਿਦਿਆਰਥੀਆਂ ਨੂੰ ਵੀ ਅੱਗੇ ਆ ਕੇ ਵਾਦ-ਵਿਵਾਦ ਅਤੇ ਹੋਰ ਸਭਿਆਚਾਰਕ ਪ੍ਰਤੀਯੋਗਤਾਵਾਂ 'ਚ ਹਿੱਸਾ ਲੈਣ ਲਈ ਵੀ ਪ੍ਰੇਰਨਾ ਦਿੱਤੀ ਗਈ |