ਗਲਾਸਗੋ, 3 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਪਿਛਲੇ ਕੁੱਝ ਸਮੇਂ ਤੋਂ ਸਕਾਟਲੈਂਡ ਦੇ ਮਹਿੰਗੇ ਇਲਾਕਿਆਂ ਵਿਚ ਅਮੀਰ ਏਸ਼ਿਆਈ ਭਾਈਚਾਰੇ ਦੇ ਪਰਿਵਾਰਾਂ ਵਿੱਚ ਡਕੈਤੀਆਂ, ਚੋਰੀਆਂ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਗਲਾਸਗੋ ਦੇ ਏਸ਼ਿਆਈ(ਭਾਰਤੀ ਪਾਕਿਸਤਾਨੀ) ਪਰਿਵਾਰਾਂ ਦੇ ਘਰਾਂ ਵਿੱਚੋਂ ਸੋਨਾ ਅਤੇ ਕੀਮਤੀ ਗਹਿਣੇ ਚੋਰੀ ਕਰਨ ਵਾਲੇ ਸ਼ੱਕੀ ਗਰੋਹ ਦੀ ਜਾਂਚ ਲਈ ਸਕਾਟਲੈਂਡ ਅਤੇ ਇੰਗਲੈਂਡ ਦੀ ਪੁਲਿਸ ਸਾਂਝੇ ਤੌਰ ’ਤੇ ਕੰਮ ਕਰ ਰਹੀ ਹੈ।
ਮਹਿੰਗੇ ਘਰਾਂ ਵਿੱਚ ਸੰਨ੍ਹਮਾਰੀ ਦੇ ਕਈ ਮਾਮਲਿਆਂ ਸਬੰਧੀ ਇੰਗਲੈਂਡ ਦੇ ਨਿਊਕਾਸਲ ਇਲਾਕੇ ਤੋਂ 36 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਦੋਸ਼ ਦਰਜ ਕੀਤੇ ਗਏ ਹਨ। ਉਸ ਨੂੰ ਸੋਮਵਾਰ ਐਡਿਨਬਰਾ ਦੀ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਹ ਜਾਂਚ ਗਲਾਸਗੋ ਤੋਂ ਇਲਾਵਾ ਐਡਿਨਬਰਾ, ਮਿਡਲੋਥੀਅਨ, ਵੈਸਟ ਲੋਥੀਅਨ ਅਤੇ ਈਸਟ ਰੈਨਫਰਿਊਸ਼ਾਇਰ ਦੀਆਂ ਵਾਰਦਾਤਾਂ ਨਾਲ ਵੀ ਸਬੰਧਤ ਹੈ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਸਕਾਟਲੈਂਡ ਅਤੇ ਉੱਤਰੀ ਇੰਗਲੈਂਡ ਵਿੱਚ ਹੋਈਆਂ ਚੋਰੀਆਂ ਆਪਸ ਵਿੱਚ ਜੁੜੀਆਂ ਹਨ ਜਾਂ ਨਹੀਂ।
ਗਲਾਸਗੋ ਦੇ ਵਾਈਟਕ੍ਰੇਗਜ਼ ਇਲਾਕੇ ਵਿੱਚ ਫਰਵਰੀ ਤੋਂ ਜੁਲਾਈ ਵਿਚਕਾਰ ਦਸ ਘਰ ਨਿਸ਼ਾਨਾ ਬਣਾਏ ਗਏ। ਚੋਰੀ ਹੋਏ ਸਮਾਨ ਵਿੱਚ ਸੋਨੇ ਦੇ ਗਹਿਣੇ, ਮਹਿੰਗੀਆਂ ਘੜੀਆਂ ਅਤੇ ਨਕਦੀ ਸ਼ਾਮਲ ਹੈ। ਕਈ ਗਹਿਣੇ ਪੀੜ੍ਹੀਆਂ ਤੋਂ ਪਰਿਵਾਰਾਂ ਵਿੱਚ ਸੰਭਾਲੀਆਂ ਹੋਈਆਂ ਵਿਰਾਸਤੀ ਨਿਸ਼ਾਨੀਆਂ ਸਨ। ਸੁਰੱਖਿਆ ਕੈਮਰਿਆਂ ਦੀਆਂ ਤਸਵੀਰਾਂ ਵਿੱਚ ਮੂੰਹ ਢਕੇ ਅਤੇ ਦਸਤਾਨੇ ਪਹਿਨੇ ਸ਼ੱਕੀ ਵਿਅਕਤੀ ਦਿਖਾਈ ਦਿੰਦੇ ਹਨ। ਸਕਾਟਲੈਂਡ ਪੁਲਿਸ ਅਨੁਸਾਰ, ‘ਆਪ੍ਰੇਸ਼ਨ ਵਿਰੀਅਨ’ ਤਹਿਤ ਜਾਂਚ ਜਾਰੀ ਹੈ।