ਨਾਭਾ, 8 ਮਾਰਚ (ਜਗਨਾਰ ਸਿੰਘ ਦੁਲੱਦੀ)-ਨਾਭਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਨਾਭਾ ਦੀ ਉੱਘੀ ਸਮਾਜ ਸੇਵਿਕਾ ਅਨੀਤਾ ਅਰੋੜਾ ਪਤਨੀ ਸਮਾਜ ਸੇਵੀ ਦਰਸ਼ਨ ਅਰੋੜਾ ਵਲੋਂ ਵਿਸ਼ੇਸ਼ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਯੋਗਾ ਮਾਹਿਰ ਟਰੇਨਰ ਕਿ੍ਸ਼ਨ ਲਾਲ (ਮੌਜੀ ਰਾਮ), ਕੇਨਰਾ ਬੈਂਕ ਦੇ ਰਾਜੇਸ਼ ਸ਼ਰਮਾ, ਉੱਘੇ ਉਦਯੋਗਪਤੀ ਸਮਾਜ ਸੇਵੀ ਦਰਸ਼ਨ ਅਰੋੜਾ, ਅਨੀਤਾ ਗਰਗ ਅਤੇ ਸੀਮਾ ਅਰੋੜਾ ਸ਼ਾਮਲ ਹੋਏ | ਇਸ ਮੌਕੇ ਕਿ੍ਸ਼ਨ ਲਾਲ, ਰਾਜੇਸ਼ ਸ਼ਰਮਾ ਅਤੇ ਸਮਾਜ ਸੇਵੀ ਦਰਸ਼ਨ ਅਰੋੜਾ ਆਦਿ ਨੇ ਸਾਂਝੇ ਤੌਰ 'ਤੇ ਕਿਹਾ ਕਿ ਕਿਸੇ ਵੀ ਦੇਸ 'ਚ ਔਰਤਾਂ ਦੀ ਮਜ਼ਬੂਤ ਸਥਿਤੀ ਉੱਥੋਂ ਦੇ ਲੋਕਤੰਤਰ ਅਤੇ ਉੱਨਤੀ ਨਾਲ ਉੱਥੋਂ ਦੇ ਵਾਸੀਆਂ ਦੀ ਮਜ਼ਬੂਤ ਮਾਨਸਿਕਤਾ ਨੂੰ ਦਰਸਾਉਂਦੀ ਹੈ | ਉਨਾਂ ਕਿਹਾ ਕਿ ਸਾਨੂੰ ਮਾਣ ਹੈ, ਆਪਣੇ ਦੇਸ ਅਤੇ ਇੱਥੋਂ ਦੀਆਂ ਔਰਤਾਂ 'ਤੇ, ਜਿਨਾਂ ਵਲੋਂ ਸਾਡੀ ਅਜੋਕੀ ਭੌਤਿਕ ਤਰੱਕੀ ਨਾਲ ਸਾਡੇ ਦੇਸ ਦੇ ਇਤਿਹਾਸ 'ਚ ਆਪਣਾ ਮਹੱਤਵਪੂਰਨ ਯੋਗਦਾਨ ਹੀ ਨਹੀਂ ਪਾਇਆ ਗਿਆ ਬਲਕਿ ਇਤਿਹਾਸ ਸਿਰਜਣ ਵਾਲੇ ਵੀਰ ਯੋਧਿਆਂ ਨੂੰ ਜਨਮ ਦਿੱਤਾ | ਇਸ ਮੌਕੇ ਉੱਘੀ ਸਮਾਜ ਸੇਵਿਕਾ ਅਨੀਤਾ ਅਰੋੜਾ ਨੇ ਕਿਹਾ ਕਿ ਔਰਤਾਂ ਨੂੰ ਸਵੈ-ਨਿਰਭਰ ਹੋਣ ਅਤੇ ਸਮੇਂ ਦੀਆਂ ਚੁਨੌਤੀਆਂ ਦਾ ਮੁਕਾਬਲਾ ਕਰਨ ਲਈ ਸਿੱਖਿਆ ਅਤੇ ਤੰਦਰੁਸਤੀ ਦਾ ਸੰਤੁਲਨ ਬਣਾ ਕੇ ਅੱਗੇ ਵਧਣਾ ਚਾਹੀਦਾ ਹੈ | ਇਸ ਸਮਾਗਮ ਨੂੰ ਕੌਰ ਸੈਨ ਭਾਰਦਵਾਜ, ਰਤਨ ਲਾਲ ਅਰੋੜਾ, ਦਲਵੀਰ ਸਿੰਘ, ਪਿ੍ਤਪਾਲ ਸਿੰਘ, ਕੌਂਸਲ ਮੈਡਮ, ਸੁਖਵਿੰਦਰ ਕੌਰ, ਉਰਮਿਲਾ ਦੇਵੀ, ਸੁਨੀਤਾ ਰਾਣੀ ਅਤੇ ਕਵਿਤਾ ਗਾਬਾ ਆਦਿ ਨੇ ਵੀ ਸੰਬੋਧਨ ਕੀਤਾ |